ਕਿਸਾਨ ਯੂਨੀਅਨ ਉਗਰਾਹਾਂ ਨੇ ਦੂਸਰੇ ਦਿਨ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਬੰਦ ਕੀਤੇ ਤਿੰਨੇ ਗੇਟ
13 ਅਕਤੂਬਰ ਨੂੰ ਸਰਕਾਰ ਨਾਲ ਮੀਟਿੰਗ ਦੀ ਚਿੱਠੀ ਮਿਲਣ ਉਪਰੰਤ ਚੁੱਕਿਆ ਪੱਕਾ ਮੋਰਚਾ
ਸੰਗਰੂਰ, 6 ਅਕਤੂਬਰ (ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਸੰਗਰੂਰ ਦੇ ਡੀ. ਸੀ.
ਸੰਗਰੂਰ, 6 ਅਕਤੂਬਰ (ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਸੰਗਰੂਰ ਦੇ ਡੀ.ਸੀ. ਦਫ਼ਤਰ ਦੇ ਘਿਰਾਓ ਦੌਰਾਨ ਅੱਜ ਉਸ ਸਮੇਂ ਨਵਾਂ ਹੰਗਾਮਾ ਖੜ੍ਹਾ ਹੋ ਗਿਆ ਜਦ ਬੱਸ ਸਟੈਂਡ ਦੇ ਸਾਹਮਣੇ ਵਾਲੇ ਡੀ.ਸੀ. ਦਫ਼ਤਰ ਦੇ ਗੇਟ ਅੱਗੇ ਧਰਨਾ ਲੱਗਾ ਕੇ ਬੈਠੇ ਕਿਸਾਨ ਅਤੇ ਕੰਪਲੈਕਸ ਦੇ ਅੰਦਰ ਪ੍ਰਾਈਵੇਟ ਤੌਰ ਉੱਤੇ ਦੁਕਾਨਾਂ ਕਰਦੇ ਅਰਜ਼ੀ ਨਵੀਸ ਆਹਮੋ ਸਾਹਮਣੇ ਹੋ ਗਏ। ਅਰਜ਼ੀ ਨਵੀਸਾਂ ਦੀ ਅਗਵਾਈ ਕਰ ਰਹੇ ਉਨ੍ਹਾਂ ਦੇ ਮਨੀ ਕਥੂਰੀਆ ਦਾ ਕਹਿਣਾ ਸੀ ਕਿ ਕਿਸਾਨ ਜਥੇਬੰਦੀ ਵੱਲੋਂ ਡੀ.ਸੀ. ਦਫ਼ਤਰ ਦੇ ਕੀਤੇ ਗਏ ਘਿਰਾਓ ਨੂੰ ਲੈ ਕੇ ਕਿਸੇ ਵੀ ਅਰਜ਼ੀ ਨਵੀਸ ਜਾਂ ਪ੍ਰਾਈਵੇਟ ਤੌਰ ਉੱਤੇ ਕੰਪਲੈਕਸ ਅੰਦਰ ਕਰਦੇ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਸਰਕਾਰੀ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੇ ਨਾਲ ਨਾਲ ਪ੍ਰਾਈਵੇਟ ਦੁਕਾਨਦਾਰਾਂ ਨੂੰ ਵੀ ਕੰਪਲੈਕਸ ਅੰਦਰ ਦਾਖਲ ਨਾ ਹੋਣ ਦੇਣਾ ਸਰਾ ਸਰ ਧੱਕਾ ਹੈ ਕਿਉਂਕਿ ਪ੍ਰਾਈਵੇਟ ਤੌਰ ਉੱਤੇ ਕੰਮ ਕਰਦੇ ਦੁਕਾਨਦਾਰਾਂ ਵਿਚੋਂ ਬਹੁਤੇ ਦੁਕਾਨਦਾਰਾਂ ਅਜਿਹੇ ਹਨ ਜੋ ਇਨ੍ਹਾਂ ਦੁਕਾਨਾਂ ਦੀ ਰੋਜ਼ਾਨਾ ਦੀ ਕਮਾਈ ਨਾਲ ਹੀ ਆਪਣਾ ਘਰ ਪਰਿਵਾਰ ਚਲਾ ਰਹੇ ਹਨ ਪਰ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਦੇ ਧਰਨੇ ਕਾਰਨ ਪ੍ਰਾਈਵੇਟ ਦੁਕਾਨਦਾਰਾਂ ਨੂੰ ਕੰਪਲੈਕਸ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪ੍ਰਾਈਵੇਟ ਦੁਕਾਨਦਾਰਾਂ ਲਈ ਛੋਟਾ ਗੇਟ ਖ਼ੋਲ ਦਿੱਤਾ ਜਾਵੇ ਤਾਂ ਜੋ ਦੁਕਾਨਦਾਰਾਂ ਆਪਣੀਆਂ ਦੁਕਾਨਾਂ ਵਿੱਚ ਜਾ ਕੇ ਆਪਣਾ ਕੰਮ ਕਾਰ ਕਰ ਸਕਣ। ਅਰਜ਼ੀ ਨਵੀਸਾਂ ਅਤੇ ਕਿਸਾਨਾਂ ਵਿਚਲੇ ਗੇਟ ਖੋਲ੍ਹਣ ਨੂੰ ਲੈ ਕੇ ਜਦ ਕੋਈ ਸਹਿਮਤੀ ਨਾ ਬਣੀ ਤਾਂ ਬੱਸ ਸਟੈਂਡ ਦੇ ਅੱਗੇ ਜਿਸ ਸੜਕ ਨੂੰ ਕਿਸਾਨਾਂ ਵੱਲੋਂ ਇੱਕ ਪਾਸੀਓ ਬੰਦ ਕੀਤਾ ਹੋਇਆ ਸੀ ਉਸੇ ਸੜਕ ਦੇ ਦੂਸਰੇ ਪਾਸੇ ਅਰਜ਼ੀ ਨਵੀਸਾਂ ਨੇ ਧਰਨਾ ਲੱਗਾ ਕੇ ਸੜਕ ਨੂੰ ਮੁਕੰਮਲ ਬੰਦ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਦੂਜੇ ਦਿਨ ਵੀ ਜਾਰੀ ਰਹੇ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ, ਕਿਸਾਨ ਔਰਤ ਆਗੂ ਕਰਮਜੀਤ ਕੌਰ ਭਿੰਡਰਾਂ, ਪਰਮਜੀਤ ਕੌਰ ਭੁਟਾਲ, ਜਸਵਿੰਦਰ ਕੌਰ ਖੋਖਰ, ਚਰਨਜੀਤ ਕੌਰ ਜਖਪੇਲ, ਅੰਗਰੇਜ ਕੌਰ ਮਹਿਲਾ, ਮਨਜੀਤ ਕੌਰ ਤੋਲਾਵਾਲ, ਮਨਪ੍ਰੀਤ ਕੌਰ ਧੂਰੀ ਨੇ ਸੰਬੋਧਨ ਕੀਤਾ। ਬਾਅਦ ਦੁਪਹਿਰ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਧਰਨੇ ਵਿੱਚ ਪਹੁੰਚ ਕੇ ਕਿਸਾਨ ਜਥੇਬੰਦੀ ਨੂੰ ਸਰਕਾਰ ਦੇ ਵੱਖ ਵੱਖ 12 ਅਦਾਰਿਆਂ ਦੇ ਉੱਚ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਨਾਲ 13 ਅਕਤੂਬਰ ਨੂੰ ਰੱਖੀ ਮੀਟਿੰਗ ਦੀ ਚਿੱਠੀ ਸੌਂਪੀ ਗਈ ਜਿਸ ਉਪਰੰਤ ਕਿਸਾਨਾਂ ਵੱਲੋਂ ਅੱਜ ਦਾ ਪੱਕਾ ਧਰਨਾ ਸਮਾਪਤ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ।ਕੇਂਦਰ ਸਰਕਾਰ ਅਮਰੀਕਾ ਨਾਲ ਟੈਕਸ ਫ਼ਰੀ ਵਪਾਰ ਸਮਝੌਤਾ ਕਰ ਕੇ ਦੇਸੀ ਕਿਸਾਨੀ ਨੂੰ ਮਾਰਨਾ ਚਾਹੁੰਦੀ ਹੈ ਤੇ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਲਿਆ ਕੇ ਉਪਜਾਊ ਜ਼ਮੀਨਾਂ ਖੋਹਣਾ ਚਾਹੁੰਦੀ ਹੈ। ਇਸ ਲਈ ਜਥੇਬੰਦੀ ਨੇ ਸੰਘਰਸ਼ਾਂ ਭਰੀ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਜਿਸ ਲੜੀ ਤਹਿਤ ਅੱਜ ਇਸ ਘਿਰਾਓ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗਾਂ ਰੱਖੀਆਂ ਹਨ। ਡੀ.ਸੀ. ਦਫ਼ਤਰ ਸਮੇਤ ਜ਼ਿਲ੍ਹੇ ਦੇ ਦਰਜਨਾਂ ਦਫ਼ਤਰ ਰਹੇ ਮੁਕੰਮਲ ਬੰਦ ਸੰਗਰੂਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੀਤੇ ਕੱਲ੍ਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਕੀਤੇ ਗਏ ਘਿਰਾਓ ਕਾਰਨ ਕੰਪਲੈਕਸ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਤਿੰਨੇ ਮੁੱਖ ਰਸਤੇ ਮੁਕੰਮਲ ਬੰਦ ਰਹੇ ਜਿਸ ਕਾਰਨ ਸੰਗਰੂਰ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐਸ.ਡੀ.ਐਮ., ਸਿਵਲ ਸਰਜਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਸਮੇਤ ਕੰਪਲੈਕਸ ਵਿਚਲੇ ਦਰਜਨਾਂ ਦਫ਼ਤਰ ਅੱਜ ਨਹੀਂ ਖੁੱਲ੍ਹ ਸਕੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁਕੰਮਲ ਤੌਰ ਉੱਤੇ ਬੰਦ ਹੋਣ ਕਾਰਨ ਜ਼ਿਲ੍ਹੇ ਭਰ ਵਿਚੋਂ ਆਪਣੇ ਕੰਮ ਕਾਰ ਕਰਾਉਣ ਲਈ ਪਹੁੰਚੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।