ਰਾਸ਼ਟਰੀ ਮਾਰਗ ਉੱਤੇ ਮਾਈਨਿੰਗ ਵਿਭਾਗ ਵਲੋਂ ਲਗਾਏ ਨਾਕੇ ਦੌਰਾਨ ਵਾਪਰਿਆ ਭਿਆਨਕ ਸੜਕ ਹਾਦਸਾ , ਤਿੰਨ ਜ਼ਖਮੀ ਲੋਕਾਂ ਦੀ ਭੜਕੀ ਭੀੜ ਨੇ ਮਾਈਨਿੰਗ ਅਧਿਕਾਰੀਆਂ ਦੀ ਗੱਡੀ ਪਲਟਾਈ
ਬੁੰਗਾ ਸਾਹਿਬ, 14 ਸਤੰਬਰ (ਸੁਖਚੈਨ ਸਿੰਘ ਰਾਣਾ)-ਬੀਤੀ ਸ਼ਾਮ ਬੁੰਗਾ ਸਾਹਿਬ ਵਿਖੇ ਕੀਰਤਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਹਜ਼ਾਰਾਂ ਦੇ ਨੇੜੇ ਮਾਈਨਿੰਗ ਵਿਭਾਗ ਵਲੋਂ ਲਗਾਏ ਨਾਕੇ ਦੌਰਾਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇੱਕ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਵਿਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਜ਼ਖਮੀ ਹੋ ਗਿਆ।
ਬੁੰਗਾ ਸਾਹਿਬ, 14 ਸਤੰਬਰ (ਸੁਖਚੈਨ ਸਿੰਘ ਰਾਣਾ)-ਬੀਤੀ ਸ਼ਾਮ ਬੁੰਗਾ ਸਾਹਿਬ ਵਿਖੇ ਕੀਰਤਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਹਜ਼ਾਰਾਂ ਦੇ ਨੇੜੇ ਮਾਈਨਿੰਗ ਵਿਭਾਗ ਵਲੋਂ ਲਗਾਏ ਨਾਕੇ ਦੌਰਾਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇੱਕ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਵਿਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਜ਼ਖਮੀ ਹੋ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਤਿੰਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਰੂਪਨਗਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਮੌਕੇ ’ਤੇ ਇਕੱਠੀ ਹੋਈ ਭੀੜ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਮਾਈਨਿੰਗ ਵਿਭਾਗ ਵਲੋਂ ਸੜਕ ਦੇ ਵਿਚਕਾਰ ਲਗਾਏ ਗਏ ਬੈਰੀਕੇਡਾਂ ਅਤੇ ਸੜਕ ’ਤੇ ਖੜ੍ਹੇ ਟਿੱਪਰਾਂ ਕਾਰਨ ਵਾਪਰਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਜਿਸ ਥਾਂ ਤੇ ਇਹ ਨਾਕਾ ਲਗਾਇਆ ਗਿਆ ਹੈ, ਇਹ ਥਾਂ ਨਾਕਾ ਲਗਾਉਣ ਲਈ ਢੁਕਵੀਂ ਨਹੀਂ ਹੈ, ਕਿਉਂਕਿ ਇੱਥੇ ਗੱਡੀਆਂ ਅਤੇ ਟਿੱਪਰ ਖੜ੍ਹੇ ਕਰਨ ਲਈ ਕੋਈ ਯੋਗ ਜਗ੍ਹਾ ਨਹੀਂ ਹੈ। ਚਸ਼ਮਦੀਦਾਂ ਦੇ ਦੱਸਣ ਮੁਤਾਬਿਕ ਹਾਦਸੇ ਸਮੇਂ ਇੱਥੇ ਕਾਫ਼ੀ ਗਿਣਤੀ ਵਿਚ ਟਿੱਪਰ ਖੜ੍ਹੇ ਸਨ। ਕਾਰ ਚਾਲਕ ਵਲੋਂ ਟਿੱਪਰਾਂ ਨੂੰ ਦੇਖਦਿਆਂ ਆਪਣੀ ਕਾਰ ਦੀ ਰਫ਼ਤਾਰ ਹੌਲੀ ਕੀਤੀ ਗਈ ਤਾਂ ਪਿੱਛੋਂ ਆ ਰਹੇ ਇੱਕ ਅਣਪਛਾਤੇ ਵੱਡੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਕਾਰ ਅੱਗੇ ਖੜ੍ਹੇ ਟਿੱਪਰ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਅੰਦਰ ਹੀ ਫਸ ਗਏ। ਲੋਕਾਂ ਨੇ ਜੇਸੀਬੀ ਦੀ ਮਦਦ ਨਾਲ ਤਿੰਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਦੇ ਤਫਤੀਸ਼ੀ ਅਧਿਕਾਰੀ ਪਵਨਦੀਪ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਦੀ ਗੱਡੀ ਪਲਟਾਉਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕਾਰ ਸਵਾਰਾਂ ਸਬੰਧੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਰ ਸਵਾਰ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਉਣਗੇ ਤਾਂ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕਾਰ ਚਾਲਕ ਅਤਿੰਦਰ ਪਾਲ ਸਿੰਘ ਨਾਲ ਫੋਨ ’ਤੇ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਘਰਾਂ ਵਿਚ ਮੱਥਾ ਟੇਕਣ ਤੋਂ ਬਾਅਦ ਵਾਪਸ ਲੁਧਿਆਣਾ ਜਾ ਰਹੇ ਸਨ। ਉਸ ਨੇ ਦੱਸਿਆ ਕਿ ਸੜਕ ’ਤੇ ਬੈਰੀਕੇਡ ਲੱਗੇ ਹੋਣ ਅਤੇ ਟਿੱਪਰ ਖੜ੍ਹੇ ਹੋਣ ਕਾਰਨ ਉਨ੍ਹਾਂ ਨੇ ਆਪਣੀ ਕਾਰ ਦੀ ਰਫ਼ਤਾਰ ਹੌਲੀ ਕਰਦਿਆਂ ਬਰੇਕ ਲਗਾਈ। ਇਸੇ ਦੌਰਾਨ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਅਤੇ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਅਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਰਿਵਾਰ ਠੀਕ ਹੈ ਅਤੇ ਉਨ੍ਹਾਂ ਨੂੰ ਸਿਰਫ਼ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।