ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ 2026 ਨੂੰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲੇ, ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਅਨੁਸਾਰ 10 ਦਿਨਾਂ ਦੇ ਅੰਦਰ ਨਿੱਜੀ ਰੂਪ ਵਿਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਨ੍ਹਾਂ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਹੈ। ਅੱਜ ਜਸਵੰਤ ਸਿੰਘ ਪੁੜੈਣ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ।ਉਨ੍ਹਾਂ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੈ। ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀ, ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀ। ਉਨ੍ਹਾਂ ਇਸ ਭੁੱਲ ਲਈ ਖਿਮਾ ਜਾਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫ਼ੈਸਲਾ ਹੋਵੇਗਾ ਉਸ ਨੂੰ ਉਹ ਪ੍ਰਵਾਨ ਕਰਨਗੇ। ਸਕੱਤਰੇਤ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਜਸਵੰਤ ਸਿੰਘ ਪੁੜੈਣ ਵਲੋਂ ਦਿੱਤਾ ਗਈ ਸਪਸ਼ਟੀਕਰਨ ਤੇ ਕੀਤੀ ਗਈ ਖਿਮਾ ਜਾਚਨਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕੇ ਸਿੰਘ ਸਾਹਿਬਾਨ ਵਲੋਂ ਫ਼ੈਸਲਾ ਕੀਤਾ ਜਾਵੇਗਾ।