10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੌਥਾ ਇੰਟਰਨੈਸ਼ਨਲ ਸਮਰ ਸਕੂਲ ਸ਼ੁਰੂ 5 ਦੇਸ਼ਾਂ ਦੇ 50 ਵਿਦਿਆਰਥੀ ਤੇ ਫੈਕਲਟੀ ਮੈਂਬਰ ‘ਰੀ-ਇਮੇਜਿੰਗ ਚੰਡੀਗੜ੍ਹ ਨੇਬਰਹੁੱਡਜ਼’ ’ਤੇ ਕਰਨਗੇ ਅਧਿਐਨ

ਐੱਸ. ਏ.

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੌਥੇ ਇੰਟਰਨੈਸ਼ਨਲ ਸਮਰ ਸਕੂਲ-2026 ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀ। ਅਜੀਤ ਤਸਵੀਰ 10-09-2026
ਐੱਸ. ਏ. ਐੱਸ. ਨਗਰ, 9 ਸਤੰਬਰ (ਪ੍ਰੋ. ਅਵਤਾਰ ਸਿੰਘ)-ਸ਼ਹਿਰੀ ਯੋਜਨਾਬੰਦੀ ਅਤੇ ਆਰਕੀਟੈਕਚਰ ਦੇ ਖੇਤਰ ‘ਚ ਵੱਖ-ਵੱਖ ਦੇਸ਼ਾਂ ਦੇ ਤਜ਼ਰਬਿਆਂ ਅਤੇ ਵਿਚਾਰਾਂ ਨੂੰ ਇਕ ਸਾਂਝੇ ਮੰਚ ‘ਤੇ ਲਿਆਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੌਥਾ ਇੰਟਰਨੈਸ਼ਨਲ ਸਮਰ ਸਕੂਲ-2026 ਸ਼ੁਰੂ ਹੋ ਗਿਆ। ਇਸ ਸਾਲ ਦੇ ਸਮਰ ਸਕੂਲ ਦਾ ਵਿਸ਼ਾ ‘ਰੀ-ਈਮੇਜਿੰਗ ਚੰਡੀਗੜ੍ਹ ਨੇਬਰਹੁੱਡਜ਼’ ਹੈ, ਜਿਸ ‘ਚ ਸਲੋਵਾਕੀਆ, ਫਿਲੀਪੀਨਜ਼, ਨੇਪਾਲ, ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਤੋਂ ਆਏ 50 ਵਿਦਿਆਰਥੀ ਅਤੇ ਫੈਕਲਟੀ ਮੈਂਬਰ ਹਿੱਸਾ ਲੈ ਰਹੇ ਹਨ। 10 ਦਿਨਾਂ ਤੱਕ ਚੱਲਣ ਵਾਲਾ ਇਹ ਅਕਾਦਮਿਕ ਪ੍ਰੋਗਰਾਮ 16 ਸਤੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਭਾਗੀਦਾਰ ਚੰਡੀਗੜ੍ਹ ਦੇ ਸ਼ਹਿਰੀ ਢਾਂਚੇ, ਵਿਰਾਸਤ, ਜਨਤਕ ਥਾਵਾਂ ਅਤੇ ਗੁਆਂਢ ਪੱਧਰ ਦੀ ਯੋਜਨਾਬੰਦੀ ਦਾ ਮੌਕੇ ‘ਤੇ ਜਾ ਕੇ ਅਧਿਐਨ ਕਰਨਗੇ। ਪ੍ਰੋਗਰਾਮ ਦਾ ਮੁੱਖ ਮਕਸਦ ਇਹ ਸਮਝਣਾ ਹੈ ਕਿ ਭਵਿੱਖ ਦੇ ਸ਼ਹਿਰਾਂ ਅਤੇ ਗੁਆਂਢਾਂ ਨੂੰ ਹੋਰ ਸਮਾਵੇਸ਼ੀ, ਟਿਕਾਊ, ਲਚਕੀਲਾ ਅਤੇ ਲੋਕਾਂ ਦੀਆਂ ਲੋੜਾਂ ਮੁਤਾਬਿਕ ਕਿਵੇਂ ਬਣਾਇਆ ਜਾ ਸਕਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਆਰਕੀਟੈਕਚਰ ਵਲੋਂ ਆਫ਼ਿਸ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਅਤੇ ਇੰਟਰਨੈਸ਼ਨਲ ਕੌਂਸਲ ਆਨ ਮੋਨੂਮੈਂਟਸ ਐਂਡ ਸਾਈਟਸ ਇੰਡੀਆ ਦੇ ਸਹਿਯੋਗ ਨਾਲ ਲਗਾਏ ਗਏ ਇਸ ਸਮਰ ਕੈਂਪ ਦੇ ਉਦਘਾਟਨੀ ਸਮਾਗਮ ‘ਚ ਏਰਿਕ ਜੀਨ ਮੈਰੀ ਜ਼ਿਨਸੂ ਰਿਪਬਲਿਕ ਆਫ਼ ਬੇਨਿਨ ਦੇ ਰਾਜਦੂਤ ਬੇਨਿਨ ਅੰਬੈਸੀ ਨਵੀਂ ਦਿੱਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪ੍ਰੋ. (ਡਾ.) ਜੂਨ ਜੋਰਡਾਨ, ਪ੍ਰਿਅੰਕਾ ਸਾਗਰ (ਜੀ. ਆਈ. ਐਸ. ਸਪੈਸ਼ਲਿਸਟ), ਸੇਂਥਿਲਕੁਮਾਰ ਪੀ (ਆਰਕੀਟੈਕਟ ਅਤੇ ਸ਼ਹਿਰੀ ਯੋਜਨਾਕਾਰ), ਕੇਪ ਪੈਨਿਨਸੁਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੱਖਣੀ ਅਫ਼ਰੀਕਾ, ਪ੍ਰੋ. ਮਾ ਰੇਜੀਨਾ ਪੀ. ਫਾਲਕੋਨਾਈਟ ਇਲੋਇਲੋ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਫਿਲੀਪੀਨਜ਼, ਡਾ. ਅਸ਼ਿਤਾ ਚੱਢਾ ਐਗਜ਼ੀਕਿਊਟਿਵ ਡਾਇਰੈਕਟਰ ਲਿਬਰਲ ਆਰਟਸ ਐਂਡ ਹਿਊਮੈਨਟੀਜ਼ ਅਤੇ ਡਾ. ਰਾਜਨ ਸ਼ਰਮਾ ਐਗਜ਼ੀਕਿਊਟਿਵ ਡਾਇਰੈਕਟਰ ਡਿਪਾਰਟਮੈਂਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਬੇਨਿਨ ਦੇ ਰਾਜਦੂਤ ਏਰਿਕ ਜੀਨ ਮੈਰੀ ਜ਼ਿਨਸੂ ਨੇ ਕਿਹਾ ਕਿ ਚੰਡੀਗੜ੍ਹ ਸਿਰਫ਼ ਇਕ ਸ਼ਹਿਰ ਨਹੀਂ, ਸਗੋਂ ਆਜ਼ਾਦ ਭਾਰਤ ਦੇ ਸੁਪਨੇ ਅਤੇ ਭਵਿੱਖਮੁਖੀ ਸੋਚ ਦਾ ਇਕ ਮਹੱਤਵਪੂਰਨ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ ਦੀ ਯੋਜਨਾ ਤਿਆਰ ਕੀਤੀ ਗਈ ਸੀ, ਉਸ ਵੇਲੇ ਇਸ ਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖ ਕੇ ਇਕ ਵਿਜ਼ਨਰੀ ਸ਼ਹਿਰ ਵਜੋਂ ਵਿਕਸਿਤ ਕੀਤਾ ਗਿਆ ਸੀ। ਅੱਜ ਜਦੋਂ ਦੁਨੀਆ ਸਮਾਰਟ ਅਤੇ ਤਕਨਾਲੋਜੀ ਆਧਾਰਿਤ ਸ਼ਹਿਰਾਂ ਵੱਲ ਵੱਧ ਰਹੀ ਹੈ, ਚੰਡੀਗੜ੍ਹ ਦੀ ਯੋਜਨਾਬੰਦੀ ਤੋਂ ਇਹ ਸਿੱਖਿਆ ਜਾ ਸਕਦੀ ਹੈ ਕਿ ਆਧੁਨਿਕਤਾ ਦੇ ਨਾਲ ਮਨੁੱਖੀ ਲੋੜਾਂ, ਹਰਿਆਲੀ ਅਤੇ ਸ਼ਹਿਰੀ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਇਸ ਮੌਕੇ ਪ੍ਰਿਅੰਕਾ ਸਾਗਰ ਜੀ. ਆਈ. ਐਸ. ਸਪੈਸ਼ਲਿਸਟ ਅਤੇ ਆਰਕੋਟੈਕ ਡਿਜ਼ਾਈਨ ਸਟੂਡੀਓ ਦੀ ਫਾਊਂਡਰ ਨੇ ਕਿਹਾ ਕਿ ਹਿਮਾਲਿਆ ਵਰਗੇ ਆਫ਼ਤ-ਪ੍ਰਭਾਵਿਤ ਖੇਤਰਾਂ ‘ਚ ਵਿਕਾਸ ਲਈ ਇਲਾਕੇ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਨੂੰ ਧਿਆਨ ‘ਚ ਰੱਖ ਕੇ ਖੇਤਰ-ਵਿਸ਼ੇਸ਼ ਆਰਕੀਟੈਕਚਰਲ ਪਲਾਨਿੰਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੀ. ਆਈ. ਐਸ. ਰਾਹੀਂ ਖ਼ਤਰੇ ਵਾਲੇ ਇਲਾਕਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਪਰ ਪਲਾਨਿੰਗ ‘ਚ ਕੁਦਰਤੀ ਜਲ ਨਿਕਾਸੀ, ਦਰਿਆਵਾਂ ਅਤੇ ਪਹਾੜਾਂ ਦੇ ਕੁਦਰਤੀ ਵਹਾਅ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਇਸੇ ਦੌਰਾਨ ਸੇਂਥਿਲਕੁਮਾਰ ਪੀ. ਆਰਕੀਟੈਕਟ ਅਤੇ ਅਰਬਨ ਪਲਾਨਰ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰਾਂ ਦਾ ਅਧਿਐਨ ਕਰਨਾ ਇਸ ਲਈ ਬੇਹੱਦ ਜ਼ਰੂਰੀ ਹੈ ਤਾਂ ਜੋ ਵਧਦੀ ਆਬਾਦੀ ਅਤੇ ਵਾਹਨਾਂ ਦੀ ਵਧ ਰਹੀ ਆਵਾਜਾਈ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਨੂੰ ਹੱਲ ਕਰਦਿਆਂ ਸ਼ਹਿਰ ਦੀ ਮੂਲ ਯੋਜਨਾਬੰਦੀ ਦੇ ਸਿਧਾਂਤਾਂ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ-22 ਨੂੰ ਕੇਸ ਸਟੱਡੀ ਵਜੋਂ ਲੈ ਕੇ ਚੰਡੀਗੜ੍ਹ ਦੇ ਸੈਕਟਰਾਂ ਅਤੇ ਸੜਕਾਂ ਨੂੰ ਡੀਕੰਜੈਸਟ ਕਰਨ ਸੰਬੰਧੀ ਚੱਲ ਰਿਹਾ ਸਾਡਾ ਅਧਿਐਨ ਪਹੁੰਚਯੋਗਤਾ, ਪੈਦਲ ਆਵਾਜਾਈ ਅਤੇ ਜਨਤਕ ਥਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਤਰੀਕਿਆਂ ‘ਤੇ ਕੇਂਦਰਿਤ ਹੈ ਤਾਂ ਜੋ ਸ਼ਹਿਰ ਦੀ ਸੈਕਟਰ-ਆਧਾਰਿਤ ਯੋਜਨਾਬੰਦੀ ਦੀ ਸਥਿਰਤਾ ਨਾਲ ਕੋਈ ਸਮਝੌਤਾ ਨਾ ਹੋਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਅਸਲ ਤਾਕਤ ਇਸ ਦੇ ਸੁਚੱਜੇ ਢੰਗ ਨਾਲ ਯੋਜਨਾਬੱਧ ਅਤੇ ਸਵੈ-ਨਿਰਭਰ ਸੈਕਟਰਾਂ ‘ਚ ਹੈ। ਇਸੇ ਦੌਰਾਨ ਪ੍ਰੋ. (ਡਾ.) ਜੂਨ ਜੋਰਡਾਨ ਕੇਪ ਪੈਨਿਨਸੁਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੱਖਣੀ ਅਫ਼ਰੀਕਾ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਨਵੀਆਂ ਤਕਨਾਲੋਜੀਆਂ ਆਰਕੀਟੈਕਚਰ ਦੇ ਖੇਤਰ ਨੂੰ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਇਨ੍ਹਾਂ ਨੂੰ ਅਪਣਾਉਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਤਕਨਾਲੋਜੀ ਅਜੇ ਮਨੁੱਖੀ ਚੇਤਨਾ, ਭਾਵਨਾਵਾਂ, ਅੰਤਰਦ੍ਰਿਸ਼ਟੀ ਅਤੇ ਜੀਵਨ ਦੇ ਅਸਲ ਤਜਰਬਿਆਂ ਨੂੰ ਪੂਰੀ ਤਰ੍ਹਾਂ ਸਮਝਣ ਜਾਂ ਦੁਹਰਾਉਣ ਦੇ ਸਮਰੱਥ ਨਹੀਂ ਹੈ। ਇਸੇ ਦੌਰਾਨ ਫਿਲੀਪੀਨਜ਼ ਤੋਂ ਪਹੁੰਚੀ ਪ੍ਰੋ. ਮਾ ਰੇਜੀਨਾ ਪੀ. ਫਾਲਕੋਨਾਈਟ ਇਲੋਇਲੋ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਨੇ ਕਿਹਾ ਕਿ ਵਿਰਾਸਤ ਦੀ ਸੰਭਾਲ ਸਿਰਫ਼ ਅਤੀਤ ਨੂੰ ਬਚਾਉਣ ਦਾ ਮਾਮਲਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣ ਦਾ ਵੀ ਸਵਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਨੂੰ ਇਕ-ਦੂਜੇ ਦੀ ਵਿਰਾਸਤ ਸੰਭਾਲਣ ਦੀਆਂ ਵਿਧੀਆਂ ਅਤੇ ਸ਼ਹਿਰੀ ਯੋਜਨਾਬੰਦੀ ਤੋਂ ਸਿੱਖਣ ਦਾ ਮੌਕਾ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇਸ ਸਮਰ ਸਕੂਲ ਦੌਰਾਨ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਰਵਾਇਤੀ ਕਲਾਸਰੂਮ ਸਿੱਖਿਆ ਤੱਕ ਹੀ ਸੀਮਿਤ ਨਹੀਂ ਰਹਿਣਗੇ, ਸਗੋਂ ਉਹ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਸ਼ਹਿਰੀ ਢਾਂਚੇ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਧਿਐਨ ਕਰਨਗੇ। ਸਮਰ ਸਕੂਲ ਦੇ ਅੰਤ ‘ਚ ਵਿਦਿਆਰਥੀ ਆਪਣੇ ਫੀਲਡ ਅਧਿਐਨ ਅਤੇ ਵਿਚਾਰਾਂ ਨੂੰ ਅੰਤਿਮ ਪ੍ਰਸਤੁਤੀਆਂ ਰਾਹੀਂ ਸਾਂਝਾ ਕਰਨਗੇ। ਇਸ ਤੋਂ ਇਲਾਵਾ ਇਕ ਸਾਂਝੀ ਖੋਜ ਪ੍ਰਕਾਸ਼ਨਾ ਤਿਆਰ ਕਰਨ ਦੀ ਵੀ ਯੋਜਨਾ ਹੈ। ਇਸ ਪਹਿਲਕਦਮੀ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚਕਾਰ ਲੰਬੇ ਸਮੇਂ ਦੇ ਅਕਾਦਮਿਕ ਸਹਿਯੋਗ ਅਤੇ ਖੋਜ ਨੂੰ ਹੋਰ ਮਜ਼ਬੂਤੀ ਮਿਲਣ ਦੀ ਆਸ ਹੈ।
ਪਿਛਲੀ ਖ਼ਬਰ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਵਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਰਾਣਾ ਗਿੱਲ ਤੇ ਗੋਲਡੀ ਦੀ ਅਗਵਾਈ ਹੇਠ ਭਾਜਪਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।