ਅਕਾਲੀ ਜਥਾ ਸ਼ਹਿਰੀ ਵਲੋਂ ਸਾਰੇ 6 ਵਿਧਾਨ ਸਭਾ ਹਲਕਿਆਂ ਵਿਚ ਪੈਂਦੇ ਬਿਜਲੀ ਘਰਾਂ ਦੇ ਬਾਹਰ 16 ਨੂੰ ਕੀਤੇ ਜਾਣਗੇ ਧਰਨੇ/ਪ੍ਰਦਰਸ਼ਨ-ਭੁਪਿੰਦਰ ਸਿੰਘ ਭਿੰਦਾ
ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਆਰਡੀ ਸ਼ਰਮਾ, ਅਮਿਤ ਗੁਸਾਈਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਣ ਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਲੁਧਿਆਣਾ ਨਾਲ ਸੰਬੰਧਿਤ ਸਾਰੇ ਛੇ ਵਿਧਾਨ ਸਭਾ ਹਲਕਿਆਂ ਵਿਚ 16 ਸਤੰਬਰ ਬੁੱਧਵਾਰ ਨੂੰ ਸਵੇਰੇ 11. 00 ਵਜੇ ਤੋਂ ਬਿਜਲੀ ਘਰਾਂ ਦੇ ਬਾਹਰ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਆਰਡੀ ਸ਼ਰਮਾ, ਅਮਿਤ ਗੁਸਾਈਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਣ ਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਲੁਧਿਆਣਾ ਨਾਲ ਸੰਬੰਧਿਤ ਸਾਰੇ ਛੇ ਵਿਧਾਨ ਸਭਾ ਹਲਕਿਆਂ ਵਿਚ 16 ਸਤੰਬਰ ਬੁੱਧਵਾਰ ਨੂੰ ਸਵੇਰੇ 11.00 ਵਜੇ ਤੋਂ ਬਿਜਲੀ ਘਰਾਂ ਦੇ ਬਾਹਰ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਅਕਾਲੀ ਦਲ ਦੇ ਵਰਕਰਾਂ, ਉਦਯੋਗਪਤੀਆਂ, ਵਪਾਰੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਧਰਨਿਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਉਦਯੋਗਿਕ ਖੇਤਰ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਵੀ ਲਗਾਤਾਰ ਅਣ ਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਆਮ ਲੋਕਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਛੋਟੇ ਕਾਰੋਬਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਪਰ ਮੌਜੂਦਾ ਹਾਲਾਤਾਂ ਨੇ ਸਰਕਾਰ ਦੇ ਬਿਜਲੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਇੰਡਸਟਰੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਮਸ਼ੀਨਰੀ ਬੰਦ ਪੈ ਰਹੀ ਹੈ, ਮਜ਼ਦੂਰਾਂ ਦੀ ਦਿਹਾੜੀ ਦਾ ਨੁਕਸਾਨ ਹੋ ਰਿਹਾ ਹੈ ਅਤੇ ਉਦਯੋਗਪਤੀਆਂ ਨੂੰ ਵਿੱਤੀ ਘਾਟਾ ਸਹਿਣਾ ਪੈ ਰਿਹਾ ਹੈ। ਦੂਜੇ ਪਾਸੇ ਘਰੇਲੂ ਖਪਤਕਾਰ ਗਰਮੀ, ਪਾਣੀ ਦੀ ਸਮੱਸਿਆ ਅਤੇ ਬਿਜਲੀ ਨਾਲ ਚੱਲਣ ਵਾਲੇ ਜ਼ਰੂਰੀ ਉਪਕਰਨਾਂ ਦੇ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਇਕ ਵਰਗ ਦਾ ਨਹੀਂ, ਸਗੋਂ ਪੰਜਾਬ ਦੇ ਹਰ ਉਸ ਨਾਗਰਿਕ ਦਾ ਹੈ, ਜੋ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਸਰਕਾਰ ਵੱਲ ਵੇਖ ਰਿਹਾ ਹੈ। ਜੇਕਰ ਸਰਕਾਰ ਨੇ ਬਿਜਲੀ ਕੱਟਾਂ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਅਕਾਲੀ ਦਲ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।