ਪਿੰਡ ਊਦੋਵਾਲ ਦੇ ਜੋੜੇ ਨੇ ਦੇਹਦਾਨ ਕਰਨ ਦਾ ਲਿਆ ਸੰਕਲਪ
ਨਵਾਂਸ਼ਹਿਰ, 22 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਮਨੁੱਖਤਾ ਦੀ ਸੇਵਾ ਲਈ ਕੀਤਾ ਸੰਕਲਪ ਜੀਵਨ ਤੋਂ ਬਾਅਦ ਵੀ ਸਮਾਜ ਦੇ ਕੰਮ ਆ ਸਕਦਾ ਹੈ। ਮਰਨ ਉਪਰੰਤ ਦੇਹਦਾਨ ਇਕ ਅਜਿਹਾ ਉੱਤਮ ਉਪਰਾਲਾ ਹੈ, ਜਿਸ ਰਾਹੀਂ ਮੈਡੀਕਲ ਸਿੱਖਿਆ, ਵਿਗਿਆਨਕ ਖੋਜ ਤੇ ਭਵਿੱਖ ਦੇ ਡਾਕਟਰਾਂ ਦੀ ਸਿਖਲਾਈ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।
ਨਵਾਂਸ਼ਹਿਰ, 22 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਮਨੁੱਖਤਾ ਦੀ ਸੇਵਾ ਲਈ ਕੀਤਾ ਸੰਕਲਪ ਜੀਵਨ ਤੋਂ ਬਾਅਦ ਵੀ ਸਮਾਜ ਦੇ ਕੰਮ ਆ ਸਕਦਾ ਹੈ। ਮਰਨ ਉਪਰੰਤ ਦੇਹਦਾਨ ਇਕ ਅਜਿਹਾ ਉੱਤਮ ਉਪਰਾਲਾ ਹੈ, ਜਿਸ ਰਾਹੀਂ ਮੈਡੀਕਲ ਸਿੱਖਿਆ, ਵਿਗਿਆਨਕ ਖੋਜ ਤੇ ਭਵਿੱਖ ਦੇ ਡਾਕਟਰਾਂ ਦੀ ਸਿਖਲਾਈ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਨੇ ਪਿੰਡ ਊਦੋਵਾਲ ਦੇ ਦੇਹਦਾਨੀ ਪਤੀ-ਪਤਨੀ ਜੋੜੇ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੇਵਾਮੁਕਤ ਫੌਜੀ ਨਾਇਕ ਤਰਸੇਮ ਸਿੰਘ ਪੁੱਤਰ ਅਮਰਚੰਦ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਵਲੋਂ ਮਰਨ ਉਪਰੰਤ ਦੇਹਦਾਨ ਕਰਨ ਦਾ ਸੰਕਲਪ ਲੈਣਾ ਸਮਾਜ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਹਦਾਨ ਵਰਗੇ ਮਨੁੱਖਤਾ-ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ, ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਸੰਬੰਧੀ ਵਿਚਾਰ-ਵਟਾਂਦਰਾ ਕਰਨ ਅਤੇ ਇੱਛੁਕ ਹੋਣ ਦੀ ਸੂਰਤ ਵਿਚ ਸੰਬੰਧਤ ਮੈਡੀਕਲ ਸੰਸਥਾ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ। ਇਸ ਮੌਕੇ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸੰਮਤੀ ਵਲੋਂ ਹੁਣ ਤੱਕ 153 ਵਿਅਕਤੀਆਂ ਨੂੰ ਮਰਨ ਉਪਰੰਤ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਸੰਮਤੀ ਵਲੋਂ ਦੇਹਦਾਨ ਕਰਨ ਦੇ ਇੱਛੁਕ ਵਿਅਕਤੀਆਂ ਦੇ ਫਾਰਮ ਭਰਵਾਉਣ ਤੇ ਸੰਬੰਧਤ ਮੈਡੀਕਲ ਸੰਸਥਾਵਾਂ ਤੱਕ ਪਹੁੰਚਾਉਣ ਵਿਚ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਹਦਾਨੀ ਜੋੜੇ ਦੇ ਪੁੱਤਰ ਹਰਕੰਵਲਜੀਤ ਸਿੰਘ, ਧੀਆਂ ਬਲਜਿੰਦਰ ਕੌਰ ਅਤੇ ਪਵਨਦੀਪ ਕੌਰ ਅਤੇ ਭਰਾ ਜਸਪਾਲ ਸਿੰਘ ਦੀ ਸਹਿਮਤੀ ਨਾਲ ਇਹ ਸੰਕਲਪ ਲਿਆ ਗਿਆ। ਇਸ ਮੌਕੇ ਕੈਪਟਨ ਸਤਨਾਮ ਸਿੰਘ, ਸੇਵਾਮੁਕਤ ਸੁਪਰਡੈਂਟ ਅਸ਼ੋਕ ਸ਼ਰਮਾ, ਜਗਜੀਤ ਰਾਏ ਅਤੇ ਗੁਰਮੀਤ ਰਾਮ ਹਾਜ਼ਰ ਸਨ। ਬਲਾਕ ਸੰਮਤੀ ਮੈਂਬਰ ਰਾਕੇਸ਼ ਕੁਮਾਰ ਤੇ ਰਾਮ ਲੁਭਾਇਆ ਨੇ ਇਸ ਮੌਕੇ ਗਵਾਹ ਵਜੋਂ ਦਸਤਖ਼ਤ ਕੀਤੇ।