ਰਾਹੋਂ ’ਚ ਰਾਹ ਦਿਖਾਉਣ ਵਾਲੇ ਬੋਰਡ ਖੁਦ ਹੋਏ ਬੇਦਿਸ਼ਾ, ਰੌਸ਼ਨੀ ਦੇਣ ਵਾਲੀਆਂ ਲਾਈਟਾਂ ਖੁਦ ਹਨੇਰੇ ’ਚ
ਰਾਹੋਂ, 8 ਸਤੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਦੇ ਫਿਲੌਰ ਰੋਡ ’ਤੇ ਰਾਤ ਸਮੇਂ ਰੌਸ਼ਨੀ ਦੇ ਨਾਕਾਫ਼ੀ ਪ੍ਰਬੰਧ ਅਤੇ ਸੜਕਾਂ ਦੀ ਦਿਸ਼ਾ ਦੱਸਣ ਵਾਲੇ ਸਾਈਨ ਬੋਰਡਾਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਫਿਲੌਰ ਰੋਡ ’ਤੇ ਸਟਰੀਟ ਲਾਈਟਾਂ ਦਰੱਖਤਾਂ ਦੀਆਂ ਟਾਹਣੀਆਂ ਵਿਚ ਲੁਕੀਆਂ ਹੋਣ ਕਾਰਨ ਸੜਕ ’ਤੇ ਹਨੇਰਾ ਛਾਇਆ ਰਹਿੰਦਾ ਹੈ, ਉਥੇ ਦੂਜੇ ਪਾਸੇ ਮਾਛੀਵਾੜਾ-ਫਿਲੌਰ ਚੌਕ ਵਿਚ ਲੱਗਾ ਸਾਈਨ ਬੋਰਡ ਵੀ ਟੁੱਟਿਆ ਹੋਣ ਕਾਰਨ ਰਾਹਗੀਰਾਂ ਨੂੰ ਸਹੀ ਦਿਸ਼ਾਵਾਂ ਦੱਸਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ।
ਰਾਹੋਂ, 8 ਸਤੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਦੇ ਫਿਲੌਰ ਰੋਡ ’ਤੇ ਰਾਤ ਸਮੇਂ ਰੌਸ਼ਨੀ ਦੇ ਨਾਕਾਫ਼ੀ ਪ੍ਰਬੰਧ ਅਤੇ ਸੜਕਾਂ ਦੀ ਦਿਸ਼ਾ ਦੱਸਣ ਵਾਲੇ ਸਾਈਨ ਬੋਰਡਾਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਫਿਲੌਰ ਰੋਡ ’ਤੇ ਸਟਰੀਟ ਲਾਈਟਾਂ ਦਰੱਖਤਾਂ ਦੀਆਂ ਟਾਹਣੀਆਂ ਵਿਚ ਲੁਕੀਆਂ ਹੋਣ ਕਾਰਨ ਸੜਕ ’ਤੇ ਹਨੇਰਾ ਛਾਇਆ ਰਹਿੰਦਾ ਹੈ, ਉਥੇ ਦੂਜੇ ਪਾਸੇ ਮਾਛੀਵਾੜਾ-ਫਿਲੌਰ ਚੌਕ ਵਿਚ ਲੱਗਾ ਸਾਈਨ ਬੋਰਡ ਵੀ ਟੁੱਟਿਆ ਹੋਣ ਕਾਰਨ ਰਾਹਗੀਰਾਂ ਨੂੰ ਸਹੀ ਦਿਸ਼ਾਵਾਂ ਦੱਸਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਰਾਤ ਸਮੇਂ ਕਈ ਹਿੱਸਿਆਂ ਵਿਚ ਹਨੇਰਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਖ਼ਾਸ ਕਰਕੇ ਸੜਕ ’ਤੇ ਬੈਠੇ ਅਤੇ ਖੜ੍ਹੇ ਬੇਸਹਾਰਾ ਪਸ਼ੂ ਨਜ਼ਰ ਨਹੀਂ ਆਉਂਦੇ। ਇਸ ਲਈ ਸੰਬੰਧਿਤ ਵਿਭਾਗ ਨੂੰ ਬਿਨਾਂ ਦੇਰੀ ਕੀਤੇ ਲਾਈਟਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਢੰਗ ਨਾਲ ਚਾਲੂ ਕਰਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਦੱਸਿਆ ਕਿ ਮਾਛੀਵਾੜਾ-ਫਿਲੌਰ ਚੌਕ ਨੇੜੇ ਦਾ ਟੁੱਟਿਆ ਸਾਈਨ ਬੋਰਡ ਵੀ ਦਿਸ਼ਾਹੀਣ ਬਣਿਆ ਹੋਇਆ ਹੈ ਅਤੇ ਇਹ ਦਿਸ਼ਾ-ਸੂਚਕ ਸਾਈਨ ਬੋਰਡ ਵੀ ਆਪਣੀ ਮਾੜੀ ਹਾਲਤ ਕਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬੋਰਡ ਟੁੱਟਿਆ ਹੋਣ ਕਾਰਨ ਇਸ ’ਤੇ ਲਿਖੀਆਂ ਦਿਸ਼ਾਵਾਂ ਸਪੱਸ਼ਟ ਢੰਗ ਨਾਲ ਨਜ਼ਰ ਨਹੀਂ ਆਉਂਦੀਆਂ। ਚੌਕ ’ਤੇ ਲੱਗਾ ਬੋਰਡ ਰਾਹ ਦਿਖਾਉਣ ਦੀ ਬਜਾਏ ਖ਼ੁਦ ਹੀ ਰਾਹਗੀਰਾਂ ਤੋਂ ਮਦਦ ਮੰਗਦਾ ਨਜ਼ਰ ਆ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਮਹਿਕਮਿਆਂ ਨੂੰ ਅਪੀਲ ਕੀਤੀ ਕਿ ਫਿਲੌਰ ਰੋਡ ਸਮੇਤ ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਦੀਆਂ ਸਟਰੀਟ ਲਾਈਟਾਂ ਦਾ ਨਿਰੀਖਣ ਕਰਵਾਇਆ ਜਾਵੇ। ਦਰੱਖਤਾਂ ਦੀਆਂ ਜਿਹੜੀਆਂ ਟਾਹਣੀਆਂ ਰੌਸ਼ਨੀ ਵਿਚ ਰੁਕਾਵਟ ਬਣ ਰਹੀਆਂ ਹਨ, ਉਨ੍ਹਾਂ ਦੀ ਨਿਯਮਾਂ ਅਨੁਸਾਰ ਲੋੜੀਂਦੀ ਛਾਂਗ-ਛਟਾਈ ਕਰਵਾਈ ਜਾਵੇ ਅਤੇ ਖ਼ਰਾਬ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਮਾਛੀਵਾੜਾ-ਫਿਲੌਰ ਚੌਕ ਦੇ ਟੁੱਟੇ ਦਿਸ਼ਾ-ਸੂਚਕ ਸਾਈਨ ਬੋਰਡ ਨੂੰ ਨਵਾਂ ਲਗਾਇਆ ਜਾਵੇ ਜਾਂ ਮੁਰੰਮਤ ਕਰਕੇ ਸਪੱਸ਼ਟ ਦਿਸ਼ਾਵਾਂ ਵਾਲਾ ਬੋਰਡ ਲਗਾਇਆ ਜਾਵੇ।