ਗੜ੍ਹਸ਼ੰਕਰ ਕਚਹਿਰੀਆਂ ’ਚ ਜ਼ਮੀਨ ਦੀ ਰਜਿਸਟਰੀ ਵੇਲੇ ਮਿਲੀਭੁਗਤ ਨਾਲ ‘ਪਸੰਦੀਦਾ ਨੰਬਰਦਾਰਾਂ’ ਦੀ ਸਰਦਾਰੀ
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਤਹਿਸੀਲ ਦੀ ਕਾਰਗੁਜ਼ਾਰੀ ਜ਼ਮੀਨ ਦੀਆਂ ਰਜਿਸਟਰੀਆਂ ਨੂੰ ਲੈ ਕੇ ਕਈ ਵਾਰ ਚਰਚਾ ਵਿਚ ਆ ਚੁੱਕੀ ਹੈ। ਚਰਚਾ ਹੈ ਕਿ ਗੜ੍ਹਸ਼ੰਕਰ ਤਹਿਸੀਲ ਵਿਚ ਹੇਠਾਂ ਤੋਂ ਲੈ ਕੇ ਪੌੜੀਆਂ ਚੜ੍ਹਕੇ ਉਪਰ ਜਾਣ ਤੱਕ ਕਥਿਤ ਮਿਲੀਭੁਗਤ ਨਾਲ ਬਹੁਤ ਕੁਝ ਚੱਲ ਰਿਹਾ ਹੈ।
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਤਹਿਸੀਲ ਦੀ ਕਾਰਗੁਜ਼ਾਰੀ ਜ਼ਮੀਨ ਦੀਆਂ ਰਜਿਸਟਰੀਆਂ ਨੂੰ ਲੈ ਕੇ ਕਈ ਵਾਰ ਚਰਚਾ ਵਿਚ ਆ ਚੁੱਕੀ ਹੈ। ਚਰਚਾ ਹੈ ਕਿ ਗੜ੍ਹਸ਼ੰਕਰ ਤਹਿਸੀਲ ਵਿਚ ਹੇਠਾਂ ਤੋਂ ਲੈ ਕੇ ਪੌੜੀਆਂ ਚੜ੍ਹਕੇ ਉਪਰ ਜਾਣ ਤੱਕ ਕਥਿਤ ਮਿਲੀਭੁਗਤ ਨਾਲ ਬਹੁਤ ਕੁਝ ਚੱਲ ਰਿਹਾ ਹੈ। ਮੁੱਖ ਤੌਰ ’ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਦੇ ਮਾਮਲੇ ’ਚ ਨੰਬਰਦਾਰਾਂ ਦੀ ਗਵਾਹੀ ਦਾ ਮਾਮਲਾ ਕਈ ਵਾਰ ਚਰਚਾ ਵਿਚ ਆ ਚੁੱਕਾ ਹੈ। ਇਹ ਵੱਡੀ ਚਰਚਾ ਹੈ ਕਿ ਗੜ੍ਹਸ਼ੰਕਰ ਤਹਿਸੀਲ ਵਿਚ ਜ਼ਮੀਨ ਦੀ ਰਜਿਸਟਰੀ ਵੇਲੇ ਉਸੇ ਪਿੰਡ ਦੇ ਨੰਬਰਦਾਰ ਨੂੰ ਗਵਾਹੀ (ਤਸਦੀਕ) ਲਈ ਪਹਿਲ ਦੇਣ ਦੀ ਬਜਾਏ ‘ਪਸੰਦੀਦਾ ਨੰਬਰਦਾਰਾਂ’ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਜ਼ਿਆਦਾਤਰ ਕਚਿਹਰੀਆਂ ਵਿਚ ਹੀ ਮੌਜੂਦ ਹੁੰਦੇ ਹਨ। ਜ਼ਮੀਨਾਂ ਦੀ ਖ੍ਰੀਦੋ ਫਰੋਖਤ ਕਰਨ ਵਾਲੇ ਕੁਝ ਲੋਕਾਂ ਵਲੋਂ ਜਿਥੇ ਦਾਲ ਵਿਚ ਕੁਝ ਕਾਲਾ ਹੋਵੇ ਉਥੇ ‘ਪਸੰਦੀਦਾ ਨੰਬਰਦਾਰ’ ਨੂੰ ਗਵਾਹੀ ਲਈ ਲਿਆ ਕਿ ਪੇਸ਼ ਕਰਨ ਦੇ ਚਰਚੇ ਹਨ। ਉਂਝ ਵੀ ਚਰਚਾ ਹੈ ਕਿ ਕਥਿਤ ਤੌਰ ’ਤੇ ਕੁਝ ਨੰਬਰਦਾਰ ਕਿਸੇ ਵੀ ਪਿੰਡ ਦੀ ਗਵਾਹੀ ਪਾਉਣ ਲਈ ਤਿਆਰ ਹੋ ਜਾਂਦੇ ਹਨ। ਪਿਛਲੇ ਸਮੇਂ ’ਚ ਪਿੰਡ ਪਨਾਮ ਦੀ ਚਰਚਿਤ ਜ਼ਮੀਨ ਦੀ ਰਜਿਸਟਰੀ ਦੇ ਮਾਮਲੇ ’ਚ ਕਈ ਲੋਕਾਂ ਖਿਲਾਫ਼ ਪੁਲਿਸ ਵਲੋਂ ਮਾਮਲਾ ਦਰਜ਼ ਕੀਤਾ ਗਿਆ ਸੀ ਜਿਸ ਵਿਚ ਗਵਾਹੀ ਪਾਉਣ ਵਾਲਾ ਗੜ੍ਹਸ਼ੰਕਰ ਨਾਲ ਸਬੰਧਤ ਇਕ ਨੰਬਰਦਾਰ ਵੀ ਸ਼ਾਮਿਲ ਸੀ। ਹੁਣ ਜੋ ਇਕ ਪਿੰਡ ਪਾਰੋਵਾਲ ਦੀ ਜ਼ਮੀਨ ਦੀ ਰਜਿਸਟਰੀ ਦਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ ਉਸ ਵਿਚ ਵੀ ‘ਉਹੀ ਪਨਾਮ ਦੀ ਜ਼ਮੀਨ ਨਾਲ ਸਬੰਧਤ’ ਨੰਬਰਦਾਰ ਸ਼ਾਮਿਲ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਹੈ ਕਿ ਇਹ ਵਰਤਾਰਾ ਰਜਿਸਟਰੀ ਲਿਖਣ ਤੋਂ ਲੈ ਕੇ ਰਜਿਸਟਰੀ ਸਿਰੇ੍ਹ ਚੜਨ ਤੱਕ ਕਈਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਦੱਸਿਆ ਜਾ ਰਿਹਾ ਹੈ। ਇਹ ਸਾਰਾ ਕੁਝ ਪੰਜਾਬ ਨੰਬਰਦਾਰਾਂ ਯੂਨੀਅਨ ਦੇ ਧਿਆਨ ਵਿਚ ਹੋਣ ਅਤੇ ਯੂਨੀਅਨ ਵਲੋਂ ਮੀਟਿੰਗਾਂ ਵਿਚ ਵਾਰ ਵਾਰ ਅਧਿਕਾਰੀਆਂ ਕੋਲ ਮੁੱਦਾ ਉਠਾਉਣ ਦੇ ਬਾਵਜੂਦ ਸਭ ਕੁਝ ਉਵੇਂ ਦਾ ਉਵੇਂ ਹੀ ਚੱਲ ਰਿਹਾ ਹੈ। ਨੰਬਰਦਾਰ ਯੂਨੀਅਨ ਅਨੇਕਾਂ ਵਾਰ ਅਧਿਕਾਰੀਆਂ ਤੋਂ ਮੰਗ ਕਰ ਚੁੱਕੀ ਹੈ ਕਿ ਜਿਸ ਪਿੰਡ, ਸ਼ਹਿਰ ਦੀ ਰਜਿਸਟਰੀ ਹੋਵੇ ‘ਉਸੇ ਪਿੰਡ ਦੇ ਨੰਬਰਦਾਰ ਦੀ ਤਸਦੀਕ’ ਲਾਜ਼ਮੀ ਕੀਤੀ ਜਾਵੇ। ਪਿੰਡ ਵਿਚ ਨੰਬਰਦਾਰ ਨਾ ਉਪਲਬੱਧ ਹੋਣ ਦੀ ਸੂਰਤ ਵਿਚ ਹੀ ਸਰਪੰਚ, ਕੌਂਸਲਰ ਆਦਿ ਨੂੰ ਤਰਜੀਹ ਦਿੱਤੀ ਜਾਵੇ ਨਾ ਕਿ ਕਿਸੇ ਹੋਰ ਪਿੰਡ ਦੇ ਨੰਬਰਦਾਰ ਤੋਂ ਤਸਦੀਕ ਕੀਤੀ ਜਾਵੇ। ਇਸ ਸਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੇ ਮੀਤ ਪ੍ਰਧਾਨ ਮਹਿੰਦਰ ਪਾਲ ਖਾਨਪੁਰ ਨੇ ਦੱਸਿਆ ਕਿ ਜਿਸ ਪਿੰਡ ਦੀ ਰਜਿਸਟਰੀ ਹੈ, ਉਸੇ ਪਿੰਡ ਦੇ ਨੰਬਰਦਾਰ ਦੀ ਤਸਦੀਕ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਇਸ ਬਾਰੇ ਕਈ ਵਾਰ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ ਪਰ ਕਦੇ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਨੰਬਰਦਾਰਾਂ ਨੂੰ ਵੀ ਇਸ ਬਾਰੇ ਮੀਟਿੰਗਾਂ ਵਿਚ ਕਹਿ ਚੁੱਕੇ ਹਾਂ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਆਰਜੀ ਨਵੀਸਾਂ ਨੂੰ ਲਿਖਤੀ ਹਦਾਇਤ ਕੀਤੀ ਜਾਵੇ ਕਿ ਉਹ ਉਸੇ ਪਿੰਡ, ਸ਼ਹਿਰ ਦੇ ਨੰਬਰਦਾਰ ਦੀ ਤਸਦੀਕ ਕਰਵਾਉਣ ਜਿਸ ਖੇਤਰ ਦੀ ਰਜਿਸਟਰੀ ਹੋਵੇ। ਇਸ ਸਬੰਧੀ ਸੰਪਰਕ ਕਰਨ ’ਤੇ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਕਿਹਾ ਕਿ ਨੰਬਰਦਾਰ ਤੋਂ ਇਲਾਵਾ ਹੋਰ ਵੀ 7-8 ਅਜਿਹੇ ਮੈਂਬਰ ਹਨ ਜੋ ਰਜਿਸਟਰੀ ਵਿਚ ਗਵਾਹੀ ਪਾ ਸਕਦੇ ਹਨ। ਕੁਝ ਇਕ ਨੰਬਰਦਾਰਾਂ ਵਲੋਂ ਹਰ ਥਾਂ ਗਵਾਹੀ ਪਾਏ ਜਾਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਉਹ ਜਾਂਚ ਕਰਨਗੇ ਤੇ ਭਵਿੱਖ ਵਿਚ ਇਸਦਾ ਖਿਆਲ ਰੱਖਿਆ ਜਾਵੇਗਾ।