22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਖ਼ਤ ਸੁਰੱਖਿਆ ਹੇਠ ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਇਆ ਅੰਮ੍ਰਿਤਪਾਲ ਸਿੰਘ

ਅੰਮ੍ਰਿਤਸਰ/ਰਈਆ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ, ਸ਼ਰਨਬੀਰ ਸਿੰਘ ਕੰਗ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਅੱਜ ਆਪਣੀ ਸਵਰਗੀ ਦਾਦੀ ਮਾਤਾ ਚਰਨ ਕੌਰ (84) ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਸਖ਼ਤ ਪੁਲਿਸ ਸੁਰੱਖਿਆ ਹੇਠ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਪਹੁੰਚਿਆ। ਕਰੀਬ ਸਾਢੇ ਤਿੰਨ ਸਾਲਾਂ ਬਾਅਦ ਪੰਜਾਬ ਪਰਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਦੇਖਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ...

ਅਜੀਤ ਡੈਸਕ 22-11-2026

ਅੰਮ੍ਰਿਤਸਰ/ਰਈਆ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ, ਸ਼ਰਨਬੀਰ ਸਿੰਘ ਕੰਗ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਅੱਜ ਆਪਣੀ ਸਵਰਗੀ ਦਾਦੀ ਮਾਤਾ ਚਰਨ ਕੌਰ (84) ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਸਖ਼ਤ ਪੁਲਿਸ ਸੁਰੱਖਿਆ ਹੇਠ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਪਹੁੰਚਿਆ। ਕਰੀਬ ਸਾਢੇ ਤਿੰਨ ਸਾਲਾਂ ਬਾਅਦ ਪੰਜਾਬ ਪਰਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਦੇਖਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪ-ਮੁਹਾਰੇ ਉਸ ਦੇ ਪਿੰਡ ਪਹੁੰਚੇ ਸਨ, ਉਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਵੀ ਇਲਾਕੇ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਗਿਆ ਸੀ । ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਲੋਂ ਦਾਦੀ ਚਰਨ ਕੌਰ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਤਿੰਨ ਘੰਟਿਆਂ (ਦੁਪਹਿਰ 12 ਵਜੇ ਤੋਂ 3 ਵਜੇ ਤੱਕ) ਦੀ ‘ਹਿਰਾਸਤੀ ਪੈਰੋਲ’ ਦਿੱਤੀ ਗਈ ਸੀ । ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਹਵਾਈ ਅੱਡੇ ਤੋਂ ਬਿਨਾਂ ਹੱਥਕੜੀ ਦੇ, ਸਖ਼ਤ ਸੁਰੱਖਿਆ ਘੇਰੇ ਤੇ ਬੁਲਟਪਰੂਫ ਗੱਡੀ ਰਾਹੀਂ ਜੱਲੂਪੁਰ ਖੇੜਾ ਲਿਆਂਦਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਅੰਮ੍ਰਿਤਪਾਲ ਸਿੰਘ ਨੂੰ ਬੁਲਟਪਰੂਫ ਗੱਡੀ ਵਿਚ ਠੀਕ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਘਰ ਲੈ ਕੇ ਪਹੁੰਚੀ । ਉਸ ਦੇ ਘਰ ਪਹੁੰਚਦਿਆਂ ਹੀ ਮਾਹੌਲ ਕਾਫ਼ੀ ਭਾਵੁਕ ਹੋ ਗਿਆ ਤੇ ਅੰਮ੍ਰਿਤਪਾਲ ਸਿੰਘ ਨੇ ਸਭ ਨਾਲ ਫਤਹਿ ਸਾਂਝੀ ਕਰਦਿਆਂ ਆਪਣੀ ਦਾਦੀ ਦੀ ਮ੍ਰਿਤਕ ਦੇਹ ’ਤੇ ਫੁੱਲ ਭੇਟ ਕੀਤੇ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ । ਕਰੀਬ ਡੇਢ ਘੰਟਾ ਘਰ ਰੁਕਣ ਤੋਂ ਬਾਅਦ ਮਾਤਾ ਚਰਨ ਕੌਰ ਦੀ ਅੰਤਿਮ ਯਾਤਰਾ ਟਰੈਕਟਰ-ਟਰਾਲੀ ਰਾਹੀਂ ਪਿੰਡ ਤੋਂ ਬਾਹਰ ਪਰਿਵਾਰ ਦੇ ਜੱਦੀ ਖੇਤਾਂ ਵੱਲ ਕੱਢੀ ਗਈ, ਜਿਸ ’ਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ, ਪਤਨੀ ਕਿਰਨਦੀਪ ਕੌਰ, ਸੁਖਚੈਨ ਸਿੰਘ, ਹਰਜੀਤ ਸਿੰਘ, ਪ੍ਰਗਟ ਸਿੰਘ (ਤਿੰਨੇ ਚਾਚੇ), ਸੁਖਮਨਜੀਤ ਸਿੰਘ ਤੋਂ ਇਲਾਵਾ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸੁਖਵਿੰਦਰ ਸਿੰਘ ਅਗਵਾਨ, ਸਵ. ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਇਕਬਾਲ ਸਿੰਘ ਝੂੰਦਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਲੱਖਾ ਸਿਧਾਣਾ, ਭਾਨਾ ਸਿੱਧੂ, ਮਨਦੀਪ ਸਿੰਘ ਸਿੱਧੂ, ਪ੍ਰਗਟ ਸਿੰਘ ਦਫ਼ਤਰ ਇੰਚਾਰਜ, ਸਰਬਜੀਤ ਸਿੰਘ ਖਾਨਪੁਰ ਸਮੇਤ ਹੋਰ ਵੱਡੀ ਗਿਣਤੀ ’ਚ ਆਗੂ ਹਾਜ਼ਰ ਸਨ । ਇਸ ਦੌਰਾਨ ਮਾਤਾ ਚਰਨ ਕੌਰ ਦੀ ਚਿਤਾ ਨੂੰ ਮੁੱਖ ਅਗਨੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਲੋਂ ਦਿੱਤੀ ਗਈ । ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਤੇ ਭੂਆ ਦੇ ਲੜਕੇ ਸੁਖਮਨਜੀਤ ਸਿੰਘ ਵੀ ਜੇਲ੍ਹ ’ਚ ਪੈਰੋਲ ’ਤੇ ਆਏ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਲੋਂ ਤਿੰਨ ਦਿਨ ਦੀ ਪੈਰੋਲ ਦਿੱਤੀ ਗਈ ਸੀ ਤੇ ਅੱਜ ਉਨ੍ਹਾਂ ਦੋਵਾਂ ਨੂੰ ਵੀ ਪੁਲਿਸ ਨੇ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਪਿੰਡ ਜੱਲੂਪੁਰ ਖੇੜਾ ਲਿਆਂਦਾ । ਅੰਮ੍ਰਿਤਪਾਲ ਸਿੰਘ ਨੇ ਕੋਈ ਦੋ ਘੰਟੇ ਦੇ ਕਰੀਬ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸਿਰੋਪਾਓ ਪਾ ਕੇ ਤਿੰਨਾਂ ਨੂੰ ਸਨਮਾਨਿਤ ਕੀਤਾ । ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵਲੋਂ ਪਿੰਡ ਜੱਲੂਪੁਰ ਖੇੜਾ ਤੇ ਆਸ-ਪਾਸ ਦੇ ਇਲਾਕੇ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ । ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਕਰੀਬ 1,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਘਰ ਦੇ ਆਲੇ-ਦੁਆਲੇ ਆਮ ਲੋਕਾਂ ਦੀ ਆਵਾਜਾਈ ਨੂੰ ਸੀਮਤ ਰੱਖਿਆ ਗਿਆ ਸੀ । ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਕੰਵਲਜੀਤ ਸਿੰਘ ਚਾਹਲ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ । ਜ਼ਿਕਰਯੋਗ ਹੈ ਕਿ ਮਾਤਾ ਚਰਨ ਕੌਰ ਦਾ ਲੰਬੀ ਬਿਮਾਰੀ ਤੋਂ ਬਾਅਦ 8 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ, ਪਰ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਯਕੀਨੀ ਬਣਾਉਣ ਲਈ 13 ਦਿਨਾਂ ਤੱਕ ਅੰਤਿਮ ਸੰਸਕਾਰ ਮੁਲਤਵੀ ਰੱਖਿਆ। ਅਦਾਲਤ ਵਲੋਂ ਦਿੱਤੀ ਗਈ ਤਿੰਨ ਘੰਟਿਆਂ ਮਿਆਦ ਪੂਰੀ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਸਾਰੀਆਂ ਰਸਮਾਂ ਮੁਕੰਮਲ ਹੋਣ ਉਪਰੰਤ ਪੁਲਿਸ ਟੀਮ ਦੁਪਹਿਰ 2:35 ਵਜੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵਾਪਸ ਅੰਮ੍ਰਿਤਸਰ ਹਵਾਈ ਅੱਡੇ ਲਈ ਰਵਾਨਾ ਹੋ ਗਈ । ਪਰਿਵਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅਸਥੀਆਂ ਚੁਗਣ ਦੀ ਰਸਮ 22 ਨਵੰਬਰ ਤੇ ਅੰਤਿਮ ਅਰਦਾਸ (ਭੋਗ) 23 ਨਵੰਬਰ ਨੂੰ ਹੋਵੇਗੀ, ਜਿਸ ’ਚ ਅੰਮ੍ਰਿਤਪਾਲ ਸਿੰਘ ‘ਵੀਡੀਓ ਕਾਨਫਰੰਸਿੰਗ’ ਰਾਹੀਂ ਸ਼ਾਮਿਲ ਹੋਵੇਗਾ, ਕਿਉਂਕਿ ਮਾਣਯੋਗ ਅਦਾਲਤ ਨੇ ਕਾਨੂੰਨ-ਵਿਵਸਥਾ ਦੇ ਮੱਦੇਨਜ਼ਰ ਸਪੱਸ਼ਟ ਕੀਤਾ ਹੈ ਕਿ 22 ਨਵੰਬਰ ਨੂੰ ਹੋਣ ਵਾਲੀ ਅਸਥੀਆਂ ਚੁਗਣ ਦੀ ਰਸਮ ਤੇ 23 ਨਵੰਬਰ ਨੂੰ ਹੋਣ ਵਾਲੇ ਭੋਗ ਤੇ ਅੰਤਿਮ ਅਰਦਾਸ ਵਿਚ ਅੰਮ੍ਰਿਤਪਾਲ ਸਿੰਘ ਸਰੀਰਕ ਤੌਰ ’ਤੇ ਸ਼ਾਮਿਲ ਨਹੀਂ ਹੋਣਗੇ, ਸਗੋਂ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜਨਗੇ।


ਸਮਰਥਕਾਂ ’ਚ ਦਿਖਿਆ ਭਾਰੀ ਉਤਸ਼ਾਹ 
ਪੰਜਾਬ ਦੇ ਕੋਨ-ਕੋਨੇ ਤੋਂ ਅੰਮ੍ਰਿਤਪਾਲ ਸਿੰਘ ਨੂੰ ਦੇਖਣ ਲਈ ਜੱਲੂਪੁਰ ਖੇੜਾ ਪਹੁੰਚੇ ਸਮਰਥਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਜੈਕਾਰੇ ਲਗਾਏ ਤੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ, ਜਿਸ ਦਾ ਅੰਮ੍ਰਿਤਪਾਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਦੌਰਾਨ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ। 
ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਪਹਿਲੀ ਵਾਰ ਪਹੁੰਚਿਆ ਪਿੰਡ
 ਅੰਮ੍ਰਿਤਪਾਲ ਸਿੰਘ 2024 ਦੀਆਂ ਲੋਕ ਸਭਾ ਚੋਣਾਂ ਜੇਲ੍ਹ ਵਿਚ ਰਹਿੰਦੇ ਹੋਏ ਹਲਕਾ ਖਡੂਰ ਸਾਹਿਬ ਤੋਂ ਲੜੀ ਸੀ । ਇਸ ਦੌਰਾਨ ਉਹ 2 ਲੱਖ ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਇਸ ਦੌਰਾਨ ਉਹ ਐਨ. ਐਸ. ਏ. ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸੀ, ਜਿਸ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਪਿੰਡ ਆਏ।
ਘਰ ਦੇ ਬਾਹਰ ਪਾਬੰਦੀਆਂ
ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਨੇੜੇ ਆਮ ਲੋਕਾਂ ਦੀ ਆਵਾਜਾਈ ’ਤੇ ਰੋਕ ਲਗਾਈ ਹੋਈ ਸੀ ਤੇ ਸਿਰਫ਼ ਚੋਣਵੇਂ ਪਰਿਵਾਰਕ ਮੈਂਬਰਾਂ ਨੂੰ ਹੀ ਅੰਦਰ ਮਿਲਣ ਦੀ ਇਜਾਜ਼ਤ ਦਿੱਤੀ ਗਈ । ਇਸ ਕਾਰਨ ਜ਼ਿਆਦਾਤਰ ਇਕੱਠ ਪਿੰਡ ਦੇ ਬਾਹਰ ਸਸਕਾਰ ਵਾਲੀ ਥਾਂ ’ਤੇ ਦੇਖਣ ਨੂੰ ਮਿਲਿਆ । ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਤੇ ਰਿਸ਼ਤੇਦਾਰਾਂ ਦੀ ਸਹੂਲਤ ਲਈ ਪਿੰਡ ਦੇ ਖੇਤਾਂ ਵਿਚ ਕਰੀਬ 8 ਏਕੜ ਰਕਬੇ ਵਿਚ ਸਸਕਾਰ, ਪਾਰਕਿੰਗ ਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ।
ਪਿਛਲੀ ਖ਼ਬਰ ਅਗਨੀਵੀਰ ਭਰਤੀ ਰੈਲੀ ’ਚ ਆਏ ਨੌਜਵਾਨਾਂ ਨੂੰ ਠੰਢ ਦੌਰਾਨ ਸੜਕ ’ਤੇ ਕੱਟਣੀਆਂ ਪੈ ਰਹੀਆਂ ਨੇ ਰਾਤਾਂ ਅਗਲੀ ਖ਼ਬਰ ਪੰਨੂ ਮਾਮਲੇ ’ਚ ਅਜੀਤ ਡੋਵਾਲ ਤੇ ਸਾਮੰਤ ਗੋਇਲ ਨੂੰ ਅਮਰੀਕੀ ਅਦਾਲਤ ਵਲੋਂ ਸੰਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।