22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅਗਨੀਵੀਰ ਭਰਤੀ ਰੈਲੀ ’ਚ ਆਏ ਨੌਜਵਾਨਾਂ ਨੂੰ ਠੰਢ ਦੌਰਾਨ ਸੜਕ ’ਤੇ ਕੱਟਣੀਆਂ ਪੈ ਰਹੀਆਂ ਨੇ ਰਾਤਾਂ

ਜਲੰਧਰ, 21 ਨਵੰਬਰ (ਜਤਿੰਦਰ ਪੰਮੀ)-ਕਪੂਰਥਲਾ ਰੋਡ ਸਥਿਤ ਸਰਕਾਰੀ ਸਪੋਰਟਸ ਤੇ ਆਰਟਸ ਕਾਲਜ ’ਚ ਬੀਤੀ 14 ਨਵੰਬਰ ਤੋਂ ਚੱਲ ਰਹੀ ਅਗਨੀਵੀਰ ਭਰਤੀ ਰੈਲੀ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਨੂੰ ਠੰਢ ਦੌਰਾਨ ਸੜਕ ’ਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਭਰਤੀ ਰੈਲੀ ਲਈ ਉਮੀਦਵਾਰਾਂ ਦੇ ਠਹਿਰਨ ਲਈ ਪ੍ਰਬੰਧਾਂ ਦੀ ਘਾਟ ’ਤੇ ਸਾਬਕਾ ਫੌਜੀ ਤੇ ਸਮਾਜ ਸੇਵਕ ਗੋਬਿੰਦ ਸਿੰਘ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਜੋ ਕਿ ਦੇਸ਼ ਦਾ ਭਵਿੱਖ ਹੈ, ਸੜਕਾਂ ’ਤੇ ਰੁਲਣ ਲਈ ਮਜਬੂਰ ਹੈ।

ਅਜੀਤ ਡੈਸਕ 22-11-2026
ਜਲੰਧਰ, 21 ਨਵੰਬਰ (ਜਤਿੰਦਰ ਪੰਮੀ)-ਕਪੂਰਥਲਾ ਰੋਡ ਸਥਿਤ ਸਰਕਾਰੀ ਸਪੋਰਟਸ ਤੇ ਆਰਟਸ ਕਾਲਜ ’ਚ ਬੀਤੀ 14 ਨਵੰਬਰ ਤੋਂ ਚੱਲ ਰਹੀ ਅਗਨੀਵੀਰ ਭਰਤੀ ਰੈਲੀ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਨੂੰ ਠੰਢ ਦੌਰਾਨ ਸੜਕ ’ਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਭਰਤੀ ਰੈਲੀ ਲਈ ਉਮੀਦਵਾਰਾਂ ਦੇ ਠਹਿਰਨ ਲਈ ਪ੍ਰਬੰਧਾਂ ਦੀ ਘਾਟ ’ਤੇ ਸਾਬਕਾ ਫੌਜੀ ਤੇ ਸਮਾਜ ਸੇਵਕ ਗੋਬਿੰਦ ਸਿੰਘ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਜੋ ਕਿ ਦੇਸ਼ ਦਾ ਭਵਿੱਖ ਹੈ, ਸੜਕਾਂ ’ਤੇ ਰੁਲਣ ਲਈ ਮਜਬੂਰ ਹੈ। ਦੱਸਣਯੋਗ ਹੈ ਕਿ ਫੌਜ ਵਲੋਂ ਅਗਨੀਵੀਰ ਦੀ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਪਹਿਲੇ ਦਿਨ ਸਰੀਰਿਕ ਪ੍ਰੀਖਣ ਵਿਚ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਦੀਆਂ ਲੜਕੀਆਂ ਨੇ ਹਿੱਸਾ ਲਿਆ ਸੀ। ਅਗਲੇ ਦਿਨ ਐਤਵਾਰ ਨੂੰ ਸਰੀਰਿਕ ਪ੍ਰੀਖਣ ਪਾਸ ਕਰਨ ਵਾਲੀਆਂ ਲੜਕੀਆਂ ਦਾ ਮੈਡੀਕਲ ਚੈੱਕਅਪ ਕੀਤਾ। 16 ਤੋਂ 22 ਨਵੰਬਰ ਤੱਕ ਲੜਕਿਆਂ ਦੀ ਭਰਤੀ ਚੱਲ ਰਹੀ ਹੈ ਪਰ ਉਨ੍ਹਾਂ ਨੂੰ ਰਾਤ ਕੱਟਣ ਲਈ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਸੜਕਾਂ ’ਤੇ ਖੁੱਲ੍ਹੇ ਅਸਮਾਨ ਹੇਠਾਂ ਸੌਣਾ ਪੈ ਰਿਹਾ ਹੈ। ਇਸ ਸੰਬੰਧੀ ਸਾਬਕਾ ਫੌਜੀ ਤੇ ਸਮਾਜ ਸੇਵਕ ਗੋਬਿੰਦ ਸਿੰਘ ਤੇ ਦਰਸ਼ਨ ਸਿੰਘ ਆਹੂਜਾ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਨੌਜਵਾਨ ਜੋ ਦਿਲ ਵਿਚ ਦੇਸ਼ ਸੇਵਾ ਦਾ ਜਜ਼ਬਾ ਲੈ ਕੇ ਭਰਤੀ ਹੋਣ ਲਈ ਆਏ ਹਨ, ਭਰਤੀ ਰੈਲੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਅਤੇ ਨਾਲ ਆਏ ਮਾਪਿਆਂ ਤੇ ਹੋਰ ਸਹਾਇਕਾਂ ਲਈ ਰਾਤ ਠਹਿਰਨ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਤ ਨੂੰ ਸੜਕ ’ਤੇ ਨੌਜਵਾਨ ਆਪਣੇ ਘਰੋਂ ਨਾਲ ਲਿਆਂਦੇ ਕੰਬਲ ਆਦਿ ਲੈ ਕੇ ਹੀ ਠੰਢ ਵਿਚ ਸੁੱਤੇ ਪਏ ਸਨ। ਹਾਲਾਂਕਿ ਉਕਤ ਨੌਜਵਾਨ ਦਾ ਖਾਣਾ-ਪੀਣਾ ਕਾਲਜ ਦੇ ਸਾਹਮਣੇ ਗੁਰਦੁਆਰਾ ਸਾਹਿਬ ਡੇਰਾ ਸੰਤਗੜ੍ਹ ਤੋਂ ਚੱਲ ਰਿਹਾ ਹੈ। ਉਨ੍ਹਾਂ ਮੰਗ ਪ੍ਰਸ਼ਾਸਨ ਤੋਂ ਕੀਤੀ ਕਿ ਭਰਤੀ ਰੈਲੀ ’ਚ ਸ਼ਾਮਿਲ ਹੋਣ ਲਈ ਦੂਰੋਂ-ਦੂਰੋਂ ਆਏ ਨੌਜਵਾਨਾਂ ਦੇ ਠਹਿਰਨ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਇਸ ਸੰਬੰਧੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਮੀਡੀਆ ਵਿਚ ਭਰਤੀ ਰੈਲੀ ਦੇ ਉਮੀਦਵਾਰਾਂ ਦੇ ਠਹਿਰਨ ਸੰਬੰਧੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਸੌਣ ਵਾਲਿਆਂ ਵਿਚ ਉਮੀਦਵਾਰ ਨਹੀਂ ਬਲਕਿ ਉਨ੍ਹਾਂ ਦੇ ਨਾਲ ਆਏ ਮਾਪੇ ਜਾਂ ਹੋਰ ਸਕੇ-ਸੰਬੰਧੀ ਹਨ, ਜਿਨ੍ਹਾਂ ਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਇਸ ਲਈ ਉਹ ਆਪਣੇ ਘਰਾਂ ਨੂੰ ਚਲੇ ਜਾਣ। ਡਿਪਟੀ ਡਾਇਰੈਕਟਰ ਨੇ ਕਿਹਾ ਕਿ ਲੜਕੀਆਂ ਦੇ ਭਰਤੀ ਵਾਲੇ ਦਿਨ ਪ੍ਰਬੰਧਕਾਂ ਵਲੋਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਕਾਲਜ ਦੇ ਅੰਦਰ ਠਹਿਰਨ ਲਈ ਜਗ੍ਹਾ ਮੁਹੱਈਆ ਕਰਵਾਈ ਗਈ ਸੀ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਰਧਾ ਭਾਵਨਾ ਨਾਲ ਸਜਾਇਆ ਸ਼ਹਿਰ ਦਾ ਮੁੱਖ ਨਗਰ ਕੀਰਤਨ ਮਹਾਂਪੁਰਖਾਂ... ਅਗਲੀ ਖ਼ਬਰ ਸਖ਼ਤ ਸੁਰੱਖਿਆ ਹੇਠ ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਇਆ ਅੰਮ੍ਰਿਤਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।