16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਬੰਦ ਨੂੰ ਕਈ ਥਾਈਂ ਭਰਵਾਂ ਹੁੰਗਾਰਾ

ਕਈ ਥਾਵਾਂ ’ਤੇ ਆਵਾਜਾਈ ਰੋਕ ਕੇ ਰੋਸ ਮੁਜ਼ਾਹਰੇ, ਕੁਝ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਪ੍ਰੋ. ਅਵਤਾਰ ਸਿੰਘ ਚੰਡੀਗੜ੍ਹ, 15 ਅਕਤੂਬਰ-ਮਾਨਸਾ ’ਚ ਨਸ਼ਾ-ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ’ਚ ਸੱਦੇ ਗਏ ਪੰਜਾਬ ਬੰਦ ਨੂੰ ਕਈ ਥਾਈਂ ਭਰਵਾਂ ਹੁੰਗਾਰਾ ਮਿਲਿਆ, ਜਦੋਂਕਿ ਮਾਨਸਾ ਮੁਕੰਮਲ ਬੰਦ ਰਿਹਾ। ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਦੁਕਾਨਾਂ ਤੇ ...

ਅਜੀਤ ਡੈਸਕ 16-10-2026

ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 15 ਅਕਤੂਬਰ-ਮਾਨਸਾ ’ਚ ਨਸ਼ਾ-ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ’ਚ ਸੱਦੇ ਗਏ ਪੰਜਾਬ ਬੰਦ ਨੂੰ ਕਈ ਥਾਈਂ ਭਰਵਾਂ ਹੁੰਗਾਰਾ ਮਿਲਿਆ, ਜਦੋਂਕਿ ਮਾਨਸਾ ਮੁਕੰਮਲ ਬੰਦ ਰਿਹਾ। ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਦੁਕਾਨਾਂ ਤੇ ਨਿੱਜੀ ਸਕੂਲ ਬੰਦ ਰਹੇ, ਜਿਸ ਕਰਕੇ ਗਲੀਆਂ ਤੇ ਬਾਜ਼ਾਰਾਂ ’ਚ ਸੁੰਨਸਾਨ ਛਾਈ ਰਹੀ। ਬੰਦ ਦੇ ਸੱਦੇ ਦੇ ਜਵਾਬ ’ਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ’ਤੇ ਸੜਕਾਂ ਵੀ ਜਾਮ ਕਰ ਦਿੱਤੀਆਂ, ਜਿਸ ਕਾਰਨ ਪ੍ਰਸ਼ਾਸਨ ਨੂੰ ਆਵਾਜਾਈ ਬਦਲਵੇਂ ਰਸਤਿਆਂ ਰਾਹੀਂ ਮੋੜਨੀ ਪਈ। ਬੰਦ ਦੇ ਸੱਦੇ ਦੇ ਜਵਾਬ ’ਚ ਹੁਸ਼ਿਆਰਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਸੰਗਰੂਰ, ਬਰਨਾਲਾ, ਮੋਗਾ, ਪਟਿਆਲਾ ਅਤੇ ਮਾਨਸਾ ਸਮੇਤ ਕਈ ਥਾਵਾਂ ’ਤੇ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਚਾਲੂ ਰਹੀਆਂ। ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਉਨ੍ਹਾਂ ਦੇ ਪਿਤਾ ਭੀਮ ਸਿੰਘ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸੂਬੇ ਭਰ ’ਚ ਕਈ ਥਾਈਂ ਭਰਵਾਂ ਹੁੰਗਾਰਾ ਮਿਲਿਆ। ਬੰਦ ਦੇ ਅਸਰ ਕਾਰਨ ਕਈ ਸ਼ਹਿਰਾਂ ਅਤੇ ਕਸਬਿਆਂ ’ਚ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਰਹੀਆਂ, ਸੜਕਾਂ ’ਤੇ ਆਵਾਜਾਈ ਘੱਟ ਰਹੀ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ। ਇਸ ਬੰਦ ਨੂੰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ), ਭਾਜਪਾ, ਅਕਾਲੀ ਦਲ (ਵਾਰਿਸ ਪੰਜਾਬ ਦੇ), ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ, ਮੁਲਾਜ਼ਮ ਯੂਨੀਅਨਾਂ ਅਤੇ ਹੋਰ ਸਮਾਜਿਕ ਤੇ ਜਨਤਕ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਗਿਆ। ਕਈ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ, ਜਦਕਿ ਕੁਝ ਸਥਾਨਾਂ ’ਤੇ ਆਵਾਜਾਈ ਰੋਕ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਹੋਈ। ਪ੍ਰਦਰਸ਼ਨਾਂ ਦੌਰਾਨ ਕੁਝ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ’ਚ ਲਏ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਬੰਦ ਦੇ ਸੱਦੇ ਦਾ ਅਸਰ ਸਿਰਫ਼ ਮਾਨਸਾ ਤੱਕ ਸੀਮਤ ਨਹੀਂ ਰਿਹਾ, ਸਗੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਹੋਈਆਂ। ਕਈ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ। ਸਰਕਾਰੀ ਅਤੇ ਨਿੱਜੀ ਦਫ਼ਤਰਾਂ ’ਚ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੀ। ਕਈ ਨਿੱਜੀ ਸਕੂਲਾਂ ’ਚ ਛੁੱਟੀ ਰਹੀ ਜਾਂ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਅੰਮ੍ਰਿਤਸਰ, ਜਲੰਧਰ, ਬਠਿੰਡਾ, ਪਟਿਆਲਾ, ਮੋਗਾ ਅਤੇ ਹੋਰਨਾਂ  ਇਲਾਕਿਆਂ ’ਚ ਬੰਦ ਦੇ ਅਸਰ ਅਤੇ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਲੁਧਿਆਣਾ ਅਤੇ ਪਟਿਆਲਾ ਸਮੇਤ ਕੁਝ ਟੋਲ ਪਲਾਜ਼ਿਆਂ ’ਤੇ ‘ਬੰਦ’ ਦੇ ਸੱਦੇ ਦੇ ਸਮਰਥਨ ’ਚ, ਆਉਣ-ਜਾਣ ਵਾਲੇ ਲੋਕਾਂ ਤੋਂ ਕੋਈ ਫੀਸ ਨਹੀਂ ਲਈ ਗਈ। ਹੁਸ਼ਿਆਰਪੁਰ, ਜਲੰਧਰ, ਮੋਗਾ ਅਤੇ ਮਾਨਸਾ ਦੇ ਕਈ ਨਿੱਜੀ ਸਕੂਲਾਂ ਨੇ ‘ਬੰਦ’ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕਰ ਦਿੱਤਾ। ਅੰਮ੍ਰਿਤਸਰ ’ਚ, ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ, ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ’ਤੇ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ’ਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਪੰਧੇਰ ਨੇ ਮੰਗ ਕੀਤੀ ਕਿ ਭਗਵੰਤ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹੁਸ਼ਿਆਰਪੁਰ ’ਚ ਬਾਜ਼ਾਰ ਸੁੰਨਸਾਨ ਨਜ਼ਰ ਆਏ। ਲਗਭਗ ਸਾਰੇ ਨਿੱਜੀ ਸਕੂਲ ਬੰਦ ਰਹੇ ਅਤੇ ‘ਰਾਇਤ ਬਾਹਰਾ ਯੂਨੀਵਰਸਿਟੀ’ ਵੀ ਦਿਨ ਭਰ ਲਈ ਬੰਦ ਰਹੀ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੈਂਬਰਾਂ ਅਤੇ ਵੱਖ-ਵੱਖ ਦਲਿਤ ਜਥੇਬੰਦੀਆਂ ਨੇ ਹੁਸ਼ਿਆਰਪੁਰ ’ਚ ਗੁਰਦੁਆਰਾ ਸਿੰਘ ਸਭਾ ਤੋਂ ਮੁੱਖ ਬਾਜ਼ਾਰ ਤੱਕ ਇਕ ਰੋਸ ਮਾਰਚ ਕੱਢਿਆ। ਇਸ ਮਾਰਚ ਦੀ ਅਗਵਾਈ ਕਰਨ ਵਾਲਿਆਂ ’ਚ ਕਰਨੈਲ ਸਿੰਘ ਲਵਲੀ, ਮਨਦੀਪ ਸਿੰਘ ਅਤੇ ‘ਵਾਲਮੀਕਿ ਧਰਮ ਰੱਖਿਆ ਸਮਿਤੀ’ ਦੇ ਵਿਕਾਸ ਹੰਸ ਸਮੇਤ ਹੋਰ ਲੋਕ ਸ਼ਾਮਿਲ ਸਨ। ਟਾਂਡਾ ਦੇ ‘ਬਿਜਲੀ ਘਰ ਚੌਕ’, ਦਸੂਹਾ ਦੇ ‘ਹਾਜੀਪੁਰ ਚੌਰਾਹੇ’ ਅਤੇ ਮੁਕੇਰੀਆਂ ਦੇ ‘ਸਿਵਲ ਹਸਪਤਾਲ ਚੌਕ’ ਤੋਂ ਵੀ ਧਰਨੇ ਲਗਾਉਣ ਅਤੇ ਸੜਕਾਂ ਜਾਮ ਕਰਨ ਦੀਆਂ ਖ਼ਬਰਾਂ ਹਨ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਦੱਸਿਆ ਕਿ ਸੜਕਾਂ ਜਾਮ ਹੋਣ ਕਾਰਨ ਕਈ ਮਾਰਗਾਂ ’ਤੇ ਬੱਸ ਸੇਵਾਵਾਂ ਪ੍ਰਭਾਵਿਤ ਹੋਈਆਂ। ਉਨ੍ਹਾਂ ਕਿਹਾ, “ਬੱਸਾਂ ਨੂੰ ਰੋਕਿਆ ਨਹੀਂ ਗਿਆ, ਪਰ ਜਿੱਥੇ ਵੀ ਸੜਕਾਂ ਜਾਮ ਸਨ, ਉੱਥੇ ਬੱਸਾਂ ਰੁਕ ਗਈਆਂ।” ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ-ਦਸੂਹਾ-ਮੁਕੇਰੀਆਂ-ਟਾਂਡਾ ਅਤੇ ਚੰਡੀਗੜ੍ਹ ਮਾਰਗਾਂ ’ਤੇ ਸੇਵਾਵਾਂ ਪ੍ਰਭਾਵਿਤ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਮੋਹਾਲੀ ’ਚ, ਸੋਹਾਣਾ ਚੌਕ ਅਤੇ ਫੇਜ਼-7 ਦੇ ਗੋਲ ਚੱਕਰ ਨੇੜੇ ਸੜਕਾਂ ਜਾਮ ਕੀਤੀਆਂ ਗਈਆਂ, ਜਦਕਿ ਖਰੜ ’ਚ ਕੁਝ ਪ੍ਰਦਰਸ਼ਨਕਾਰੀਆਂ ਵਲੋਂ ਇਕ ਹਾਈਵੇਅ ਜਾਮ ਕਰ ਦਿੱਤਾ ਗਿਆ ਸੀ। ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ, ਖੰਨਾ, ਮੁੱਲਾਂਪੁਰ ਦਾਖਾ ਅਤੇ ਰਾਏਕੋਟ ’ਚ ਵੀ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਹਾਲਾਂਕਿ, ਲੁਧਿਆਣਾ ਸ਼ਹਿਰ ’ਚ ਬੰਦ ਦਾ ਅਸਰ ਅੰਸ਼ਿਕ ਹੀ ਰਿਹਾ, ਕਿਉਂਕਿ ਪੁਰਾਣੇ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ, ਜਿਨ੍ਹਾਂ ’ਚ ਚੌੜਾ ਬਾਜ਼ਾਰ, ਸਾਬਣ ਬਾਜ਼ਾਰ, ਗੁੜ ਮੰਡੀ, ਸਰਾਫਾਂ ਬਾਜ਼ਾਰ ਤੇ ਦਾਲ ਬਾਜ਼ਾਰ ਸ਼ਾਮਿਲ ਹਨ, ਖੁੱਲ੍ਹੇ ਰਹੇ। ਘੁਮਾਰ ਮੰਡੀ ਅਤੇ ਮਾਡਲ ਟਾਊਨ ਬਾਜ਼ਾਰਾਂ ’ਚ ਕੁਝ ਦੁਕਾਨਾਂ ਵਿਰੋਧ ਪ੍ਰਗਟਾਉਣ ਲਈ ਬੰਦ ਰੱਖੀਆਂ ਗਈਆਂ ਸਨ। ਦੂਜੇ ਪਾਸੇ, ਫਗਵਾੜਾ ’ਚ ਪੂਰਨ ਬੰਦ ਰਿਹਾ, ਜਿਥੇ ਸਾਰੀਆਂ ਦੁਕਾਨਾਂ ਅਤੇ ਵਿਦਿਅਕ ਅਦਾਰੇ ਬੰਦ ਰਹੇ।

ਇਨਸਾਫ਼ ਲਈ ਸੜਕਾਂ ’ਤੇ ਉਤਰੇ ਲੋਕ
ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਲੋਕਾਂ ’ਚ ਪੈਦਾ ਹੋਏ ਰੋਸ ਨੇ ਅੱਜ ਸੂਬਾ ਪੱਧਰੀ ਬੰਦ ਦਾ ਰੂਪ ਧਾਰ ਲਿਆ। ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਦੀ ਮੰਗ ਲਈ ਬਣੀ ਸਾਂਝੀ ਐਕਸ਼ਨ ਕਮੇਟੀ ਵਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਇਸ ਘਟਨਾ ਪਿੱਛੇ ਸ਼ਾਮਿਲ ਸਾਰੇ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਝੋਟਾ ਦੇ ਪਿਤਾ ਭੀਮ ਸਿੰਘ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ, ਪੁਲਿਸ ਮੁਖੀ ਗੌਰਵ ਯਾਦਵ ਦੇ ਅਸਤੀਫ਼ੇ ਅਤੇ ਮਾਨਸਾ ਦੇ ਸੰਬੰਧਿਤ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਉਠਾਈ ਗਈ ਹੈ। ਪਰਿਵਾਰ ਵਲੋਂ ਆਪਣੇ ਪੁੱਤਰ ਦਾ ਸਸਕਾਰ ਕਰਨ ਤੋਂ ਪਹਿਲਾਂ ਇਨਸਾਫ਼ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰਿਵਾਰ ਨੇ ਪੋਸਟਮਾਰਟਮ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੈਡੀਕਲ ਬੋਰਡ ਰਾਹੀਂ ਕਰਵਾਉਣ ਦੀ ਮੰਗ ਵੀ ਰੱਖੀ ਹੈ। 
ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵਲੋਂ ਸਮਰਥਨ
ਬੰਦ ਦੇ ਸੱਦੇ ਨੂੰ ਵੱਖ-ਵੱਖ ਸਿਆਸੀ ਪਾਰਟੀਆਂ, ਸਿੱਖਿਆ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਟੋਲ ਪਲਾਜ਼ਾ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਮਰਥਨ ਨੇ ਵਿਆਪਕ ਰੂਪ ਦਿੱਤਾ। ਸੰਯੁਕਤ ਕਿਸਾਨ ਮੋਰਚੇ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਯੂਨੀਅਨਾਂ ਨੇ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਆਪਣਾ ਸਮਰਥਨ ਜ਼ਾਹਰ ਕੀਤਾ। ਵੱਖ-ਵੱਖ ਥਾਵਾਂ ’ਤੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਅਤੇ ਨਸ਼ਿਆਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਕੁਝ ਥਾਵਾਂ ’ਤੇ ਕਿਸਾਨਾਂ ਅਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਵਲੋਂ ਸੜਕਾਂ ’ਤੇ ਧਰਨੇ ਦਿੱਤੇ ਗਏ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਹਾਲਾਂਕਿ, ਪੁਲਿਸ ਵਲੋਂ ਵੱਖ-ਵੱਖ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਅਧਿਕਾਰੀਆਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ। 
ਸਰਕਾਰ ਲਈ ਚੁਣੌਤੀ ਬਣਿਆ ਵਿਆਪਕ ਰੋਸ
ਝੋਟਾ ਦੀ ਹੱਤਿਆ ਤੋਂ ਬਾਅਦ ਹੋਏ ਪੰਜਾਬ ਬੰਦ ਨੇ ਸੂਬੇ ’ਚ ਨਸ਼ਿਆਂ ਦੀ ਸਮੱਸਿਆ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਮੁੜ ਕੇਂਦਰ ਵਿਚ ਲਿਆ ਦਿੱਤਾ ਹੈ। ਵਿਰੋਧੀ ਪਾਰਟੀਆਂ ਵਲੋਂ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੋੜ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਜਦਕਿ ਪਰਿਵਾਰ ਅਤੇ ਸਮਰਥਕਾਂ ਵਲੋਂ ਮਾਮਲੇ ’ਚ ਪਾਰਦਰਸ਼ੀ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਹੱਤਿਆ ਮਾਮਲੇ ਨੇ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਖੜ੍ਹੇ ਕੀਤੇ ਸਵਾਲ
ਪਰਵਿੰਦਰ ਸਿੰਘ ਝੋਟਾ ਮਾਨਸਾ ਖੇਤਰ ’ਚ ਨਸ਼ਿਆਂ ਦੀ ਦੁਰਵਰਤੋਂ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਵਿਰੁੱਧ ਆਵਾਜ਼ ਚੁੱਕਦੇ ਰਹਿੰਦੇ ਸਨ। 13 ਅਕਤੂਬਰ ਨੂੰ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਮਾਨਸਾ ’ਚ ਰੋਸ ਵਧ ਗਿਆ ਅਤੇ ਮੁਲਜ਼ਮ ਦੀ ਦਵਾਈਆਂ ਵਾਲੀ ਦੁਕਾਨ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਅੱਗ ਲਗਾਏ ਜਾਣ ਦੀ ਘਟਨਾ ਵੀ ਸਾਹਮਣੇ ਆਈ। ਪ੍ਰਸ਼ਾਸਨ ਵਲੋਂ ਮੁਲਜ਼ਮ ਦੇ ਘਰ ਦੇ ਇਕ ਹਿੱਸੇ ਨੂੰ ਗ਼ੈਰ-ਕਾਨੂੰਨੀ ਉਸਾਰੀ ਦੇ ਆਧਾਰ ’ਤੇ ਢਾਹਿਆ ਗਿਆ। ਇਸ ਮਾਮਲੇ ’ਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਲਿਸ ਵਲੋਂ ਪੁਸ਼ਟੀ ਕੀਤੀ ਗਈ ਸੀ। ਮਾਮਲੇ ’ਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਦੀ ਮੰਗ ਵੀ ਉੱਠ ਰਹੀ ਹੈ। ਝੋਟਾ ਦੇ ਪਰਿਵਾਰ ਤੇ ਸਮਰਥਕਾਂ ਦਾ ਕਹਿਣਾ ਹੈ ਕਿ ਜਾਂਚ ਦਾ ਘੇਰਾ ਸਿਰਫ਼ ਗੋਲੀ ਚਲਾਉਣ ਵਾਲੇ ਮੁਲਜ਼ਮ ਤੱਕ ਸੀਮਤ ਨਾ ਰਹੇ, ਸਗੋਂ ਘਟਨਾ ਦੇ ਪਿਛੋਕੜ ਅਤੇ ਇਸ ਨਾਲ ਜੁੜੇ ਸਾਰੇ ਸੰਭਾਵਿਤ ਪਹਿਲੂਆਂ ਦੀ ਵੀ ਜਾਂਚ ਕੀਤੀ ਜਾਵੇ।

ਪਿਛਲੀ ਖ਼ਬਰ ਜਥੇਬੰਦੀਆਂ ਦੇ ਰੋਸ ਕਾਰਨ ਕਰਤਾਰਪੁਰ ਰਿਹਾ ਮੁਕੰਮਲ ਬੰਦ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਐਸ.ਐੱਚ.ਓ. ਮੁਅੱਤਲ * 2 ਹੋਰ ਅਧਿਕਾਰੀਆਂ ’ਤੇ ਡਿੱਗ ਸਕਦੀ ਹੈ ਗਾਜ਼ * ਅਸ਼ਵਨੀ ਕੁਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।