16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਐਸ.ਐੱਚ.ਓ. ਮੁਅੱਤਲ * 2 ਹੋਰ ਅਧਿਕਾਰੀਆਂ ’ਤੇ ਡਿੱਗ ਸਕਦੀ ਹੈ ਗਾਜ਼ * ਅਸ਼ਵਨੀ ਕੁਮਾਰ ਤੇ ਵਿਪਨ ਗਰਗ 7 ਦਿਨਾ ਪੁਲਿਸ ਰਿਮਾਂਡ ’ਤੇ

ਬਲਵਿੰਦਰ ਸਿੰਘ ਧਾਲੀਵਾਲ / ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 15 ਅਕਤੂਬਰ-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ’ਚ ਜਿਥੇ ਅੱਜ ਪੰਜਾਬ ਬੰਦ ਨੂੰ ਮੁਕੰਮਲ ਹੁੰਗਾਰਾ ਮਿਲਿਆ ਉੱਥੇ ਮਾਨਸਾ ਪੁਲਿਸ ਨੇ ਕਾਤਲ ਅਸ਼ਵਨੀ ਕੁਮਾਰ ਦੀ ਪਤਨੀ ਸਮੇਤ 3 ਹੋਰਾਂ ਨੂੰ ਮੁਕੱਦਮੇ ’ਚ ਨਾਮਜ਼ਦ ....

ਅਜੀਤ ਡੈਸਕ 16-10-2026

ਬਲਵਿੰਦਰ ਸਿੰਘ ਧਾਲੀਵਾਲ / ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ, 15 ਅਕਤੂਬਰ-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ’ਚ ਜਿਥੇ ਅੱਜ ਪੰਜਾਬ ਬੰਦ ਨੂੰ ਮੁਕੰਮਲ ਹੁੰਗਾਰਾ ਮਿਲਿਆ ਉੱਥੇ ਮਾਨਸਾ ਪੁਲਿਸ ਨੇ ਕਾਤਲ ਅਸ਼ਵਨੀ ਕੁਮਾਰ ਦੀ ਪਤਨੀ ਸਮੇਤ 3 ਹੋਰਾਂ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਲਿਆ ਹੈ। ਨਾਲ ਹੀ ਅਣਗਹਿਲੀ ਵਰਤਣ ਦੇ ਦੋਸ਼ ’ਚ ਥਾਣਾ ਸ਼ਹਿਰੀ-2 ਮਾਨਸਾ ਦੀ ਐਸ.ਐੱਚ.ਓ. ਇੰਸਪੈਕਟਰ ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉੱਧਰ ਮਾਨਸਾ ’ਚ ਧਰਨੇ ਦੇ ਤੀਜੇ ਦਿਨ ਬੰਦ ਦੇ ਬਾਵਜੂਦ ਆਪ-ਮੁਹਾਰੇ ਹਜ਼ਾਰਾਂ ਲੋਕ ਸ਼ਾਮਿਲ ਹੋਏ। ਸਿਰਸਾ-ਬਰਨਾਲਾ ਮਾਨਸਾ ਤਿੰਨਕੋਨੀ ਨੇੜੇ ਧਰਨਾ ਲਗਾਤਾਰ ਜਾਰੀ ਹੈ ਪਰ ਦੂਜੇ ਪਾਸੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਤੇ ਨੌਜਵਾਨਾਂ ਦੀ ਪਹਿਰੇਦਾਰੀ ਲਗਾਤਾਰ ਜਾਰੀ ਹੈ ਅਤੇ ਅੱਜ ਵੱਡੀ ਗਿਣਤੀ ’ਚ ਨੌਜਵਾਨ ਸਿਵਲ ਹਸਪਤਾਲ ਦੇ ਮੁੱਖ ਦਰਵਾਜ਼ੇ ਦੇ ਜਿੰਦਰੇ ਤੋੜ ਕੇ ਅੰਦਰ ਦਾਖ਼ਲ ਹੋ ਗਏ, ਉਨ੍ਹਾਂ ਇਥੇ ਵੀ ਧਰਨਾ ਲਗਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਜ਼ੋਰਦਾਰ ਆਲੋਚਨਾ ਕੀਤੀ। ਇਸੇ ਦੌਰਾਨ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ ਐਲਾਨ ਕੀਤਾ ਕਿ ਉਹ ਮੰਗਾਂ ਮੰਨਣ ਤੱਕ ਆਪਣੇ ਪੁੱਤ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹਾਇਤਾ ਨਾਲ ਇਨਸਾਫ਼ ਲੈ ਕੇ ਹੀ ਰਹਾਂਗੇ  ਭਾਵੇਂ ਕਿ ਆਪਣੇ ਪੁੱਤ ਦੀ ਲਾਸ਼ ਮਹੀਨੇ ਤੱਕ ਵੀ ਸੜਕ ’ਤੇ ਕਿਉਂ ਨਾ ਰੱਖਣੀ ਪਵੇ। ਹੱਤਿਆ ਮਾਮਲੇ ’ਚ ਥਾਣਾ ਸ਼ਹਿਰੀ-2 ਵਿਖੇ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਜਾਂਚ ਦੇ ਚੱਲਦਿਆਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ, ਨੌਕਰ ਲਾਡੀ ਬਰਨਾਲਾ ਅਤੇ ਉਸ ਦੇ ਚਚੇਰੇ ਭਰਾ ਵਿਪਨ ਗਰਗ ਨੂੰ ਪਰਚੇ ’ਚ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ’ਤੇ ਮੁਲਜ਼ਮ ਨੂੰ ਭਜਾਉਣ ’ਚ ਸਹਾਇਤਾ ਕਰਨ ਦਾ ਦੋਸ਼ ਹੈ। ਇਸੇ ਦੌਰਾਨ ਅਸ਼ਵਨੀ ਕੁਮਾਰ ਤੇ ਵਿਪਨ ਗਰਗ ਨੂੰ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮਾਨਸਾ ਰਾਜਿੰਦਰ ਨਾਗਪਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 7 ਦਿਨ (22 ਅਕਤੂਬਰ ਤੱਕ) ਦਾ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਾਰ ਐਸੋਸੀਏਸ਼ਨ ਮਾਨਸਾ ਦੇ ਕਿਸੇ ਵੀ ਵਕੀਲ ਨੇ ਅਸ਼ਵਨੀ ਦਾ ਕੇਸ ਨਾ ਲੜਨ ਦਾ ਫ਼ੈਸਲਾ ਕੀਤਾ ਹੈ, ਜਿਸ ਕਰ ਕੇ ਉਨ੍ਹਾਂ ਵਲੋਂ ਸਿਰਸਾ (ਹਰਿਆਣਾ) ਦਾ ਇਕ ਵਕੀਲ ਪੇਸ਼ ਹੋਇਆ। 

ਧਰਨਿਆਂ ’ਚ ਕੌਣ-ਕੌਣ ਪਹੁੰਚੇ
ਸਥਾਨਕ ਤਿੰਨਕੋਨੀ ਨਜ਼ਦੀਕ ਅਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਨੇੜੇ ਲਗਾਏ ਧਰਨਿਆਂ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੱਤਿਆ ਮਾਮਲੇ ’ਚ ਇਨਸਾਫ਼ ਮਿਲਣ ਤੱਕ ਮੋਰਚਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਅੱਜ ਤੜਕਸਾਰ ਭਾਰੀ ਬਾਰਿਸ਼ ਦੌਰਾਨ ਟੈਂਟ ਆਦਿ ਭਿੱਜ ਗਏ ਸਨ ਅਤੇ ਧਰਨੇ ਵਾਲੀ ਥਾਂ ’ਤੇ ਪਾਣੀ ਖੜ੍ਹ ਗਿਆ ਸੀ ਪਰ ਸੰਘਰਸ਼ਕਾਰੀਆਂ ਨੇ ਟੈਂਟ ਪੁੱਟ ਕੇ ਨੇੜੇ ਹੀ ਮੁੜ ਲਗਾ ਲਏ। ਜਿਥੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚੇ, ਜਿਨ੍ਹਾਂ ’ਚ ਨਿਹੰਗ-ਸਿੰਘਾਂ ਦੀ ਚੋਖੀ ਗਿਣਤੀ ਸੀ। ਧਰਨੇ ਨੂੰ ਸੰਬੋਧਨ ਕਰਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਲੱਖਾ ਸਿਧਾਣਾ, ਭਾਨਾ ਸਿੱਧੂ, ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ, ਕਾਂਗਰਸ ਆਗੂ ਗੁਰਪ੍ਰੀਤ ਸਿੰਘ ਵਿੱਕੀ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਚਮਕੌਰ ਸਿੰਘ ਸਿੱਧੂ ਮੂਸੇਵਾਲਾ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਲਖਵਿੰਦਰ ਸਿੰਘ ਮੂਸਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਮਿੱਠੂ ਸਿੰਘ ਕਾਹਨੇਕੇ, ਇੰਦਰਜੀਤ ਸਿੰਘ ਮੁਨਸ਼ੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਸੁਖਵਿੰਦਰ ਸਿੰਘ ਔਲਖ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ-ਸਿੰਘ ਰਾਜਾ ਰਾਮ ਸਿੰਘ, ਮਨਜਿੰਦਰ ਸਿੰਘ ਮਾਖਾ, ਐਂਟੀ ਡਰੱਗ ਫੋਰਸ ਦੇ ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਜਗਮੋਹਨ ਸਿੰਘ ਮੋਹਣਾ, ਕੁਲਵਿੰਦਰ ਸਿੰਘ ਸੁੱਖੀ, ਬਲਜਿੰਦਰ ਸਿੰਘ ਭੱਖੜਾ, ਮਨਪਿੰਦਰ ਸਿੰਘ ਪਿੱਦੂ, ਭੁਪਿੰਦਰ ਸਿੰਘ ਰੂਬੀ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਸੀ.ਪੀ.ਆਈ. ਦੇ ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਕਾ. ਸੁਖਦਰਸ਼ਨ ਸਿੰਘ ਨੱਤ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓਂ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਜਸਵੀਰ ਕੌਰ ਨੱਤ, ਵਿਦਿਆਰਥੀ ਆਗੂ ਅਰਵਿੰਦਰ ਕੌਰ ਕਿਰਤੀ, ਗੁਰਮੁਖ ਸਿੰਘ ਮਾਨ, ਹੰਸ ਰਾਜ ਮੋਫਰ, ਹਰਵਿੰਦਰ ਭਾਰਦਵਾਜ, ਐਡਵੋਕੇਟ ਬਲਕਰਨ ਬੱਲੀ, ਨਰਿੰਦਰ ਕੌਰ ਬੁਰਜ ਹਮੀਰਾ, ਰਾਮਫਲ ਸਿੰਘ ਚੱਕ ਅਲੀਸ਼ੇਰ, ਸੇਵਾ ਮੁਕਤ ਇੰਸਪੈਕਟ ਮਲਕੀਤ ਸਿੰਘ ਮੰਢਾਲੀ, ਜਸਵੀਰ ਸਿੰਘ ਖ਼ਾਲਸਾ ਆਦਿ ਸਨ। 
ਕਈ ਸਮਾਨਤਾਵਾਂ ਸਨ ਪਰਵਿੰਦਰ ਸਿੰਘ ਝੋਟਾ ਤੇ ਸਿੱਧੂ ਮੂਸੇਵਾਲਾ ’ਚ 
ਜ਼ਿਲ੍ਹੇ ਨਾਲ ਸੰਬੰਧਿਤ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਅਤੇ ਪੰਜਾਬੀ ਗਾਇਕੀ ਨੂੰ ਦੇਸ਼-ਵਿਦੇਸ਼ ’ਚ ਪ੍ਰਸਿੱਧੀ ਦਿਵਾਉਣ ਵਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ’ਚ ਕਾਫ਼ੀ ਸਮਾਨਤਾਵਾਂ ਸਨ। ਦੋਵਾਂ ਨੇ ਵਿੱਦਿਆ ਭਾਰਤੀ ਸਕੂਲ ਮਾਨਸਾ ਤੋਂ 12ਵੀਂ ਪਾਸ ਕੀਤੀ ਸੀ। ਝੋਟਾ ਅੰਮ੍ਰਿਤਧਾਰੀ ਸੀ ਜਦਕਿ ਸਿੱਧੂ ਮੂਸੇਵਾਲਾ ਹਮੇਸ਼ਾ ਪੱਗ ਜਾਂ ਪਟਕਾ ਸਜਾ ਕੇ ਰੱਖਦਾ ਸੀ। ਦੋਵੇਂ ਨੌਜਵਾਨ ਸਮਾਜਿਕ ਅਲਾਮਤਾਂ ਖ਼ਿਲਾਫ਼ ਧੜੱਲੇ ਨਾਲ ਆਵਾਜ਼ ਉਠਾਉਂਦੇ ਸਨ। ਝੋਟਾ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜਾਈ ਲੜਦਾ ਰਿਹਾ ਅਤੇ ਸਿੱਧੂ ਮੂਸੇਵਾਲਾ ਨਸ਼ਿਆਂ, ਬੇਰੁਜ਼ਗਾਰੀ ਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਆਵਾਜ਼ ਉਠਾਉਂਦਾ ਰਿਹਾ। ਇਸੇ ਮਕਸਦ ਨੂੰ ਲੈ ਕੇ ਉਸ ਨੇ ਮਾਨਸਾ ਤੋਂ ਕਾਂਗਰਸ ਪਾਰਟੀ ਵਲੋਂ 2022 ’ਚ ਵਿਧਾਨ ਸਭਾ ਦੀ ਚੋਣ ਵੀ ਲੜੀ ਪਰ ਉਹ ਹਾਰ ਗਿਆ। ਝੋਟਾ ਵੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਰਾਹੀਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਉਹ ਨਿਡਰ ਤੇ ਬੇਬਾਕ ਸਨ ਅਤੇ ਦੋਵਾਂ ਦੀ ਹੱਤਿਆ ਵੀ ਦਿਨ-ਦਿਹਾੜੇ ਗੋਲੀਆਂ ਲੱਗਣ ਨਾਲ ਹੋਈ। ਦੋਵਾਂ ਦੇ ਨਾਵਾਂ ਨਾਲ ‘ਝੋਟਾ’ ਸ਼ਬਦ ਜੁੜਿਆ ਸੀ। ਸਿੱਧੂ ਮੂਸੇਵਾਲਾ ਆਪਣੇ ਗੀਤਾਂ ’ਚ ਅਕਸਰ ਆਪਣੇ ਲਈ ਝੋਟਾ ਸ਼ਬਦ ਵਰਤਦਾ ਸੀ ਜਿਵੇਂ 295 ਗੀਤ ’ਚ ‘ਉੱਠ ਪੁੱਤ ਝੋਟਿਆ ਓਏ ਮੂਸੇ ਵਾਲਿਆਂ’। ਇਸੇ ਤਰ੍ਹਾਂ ਭਰਵੇਂ ਡੀਲ ਡੌਲ਼ ਅਤੇ ਦਲੇਰੀ ਭਰੇ ਕੰਮਾਂ ਨੂੰ ਵੇਖ ਕੇ ਲੋਕ ਪਰਵਿੰਦਰ ਨੂੰ ਵੀ ਝੋਟਾ ਕਹਿ ਕੇ ਬੁਲਾਉਣ ਲੱਗ ਪਏ ਸਨ, ਜਿਸ ਕਰ ਕੇ ਉਸ ਦਾ ਨਾਂਅ ਪਰਵਿੰਦਰ ਸਿੰਘ ਝੋਟਾ ਹੀ ਪੱਕ ਗਿਆ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਤੋਂ ਬਾਅਦ ਉਸ ਦੀ ਦੇਸ਼-ਵਿਦੇਸ਼ ’ਚ ਚਰਚਾ ਹੋਈ।

ਮਾਨਸਾ ਮੁਕੰਮਲ ਬੰਦ ਰਿਹਾ
ਪੰਜਾਬ ਬੰਦ ਨੂੰ ਮਾਨਸਾ ਜ਼ਿਲ੍ਹੇ ’ਚ ਮੁਕੰਮਲ ਹੁੰਗਾਰਾ ਮਿਲਿਆ। ਕੋਈ ਵੀ ਸਰਕਾਰੀ ਜਾਂ ਨਿੱਜੀ ਬੱਸ ਨਹੀਂ ਚੱਲੀ। ਦੁਕਾਨਾਂ ਵੀ ਬੰਦ ਰਹੀਆਂ। ਸਰਕਾਰੀ ਦਫ਼ਤਰਾਂ ’ਚ ਮੁਲਾਜ਼ਮ ਨਾ-ਮਾਤਰ ਸਨ। ਨਿੱਜੀ ਸਕੂਲ ਤੇ ਕਾਲਜ ਬੰਦ ਸਨ ਜਦਕਿ ਸਰਕਾਰੀ ਸਕੂਲ ਖੁੱਲ੍ਹੇ ਤਾਂ ਰਹੇ ਪਰ ਵਿਦਿਆਰਥੀ ਨਹੀਂ ਪਹੁੰਚੇ। ਵੱਖ-ਵੱਖ ਥਾਵਾਂ ’ਤੇ ਜਥੇਬੰਦੀਆਂ ਵਲੋਂ ਰੋਸ ਧਰਨੇ ਵੀ ਲਗਾਏ ਗਏ, ਜਿੱਥੇ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਏ।

ਨੌਜਵਾਨਾਂ ਨੇ ਫਲੈਕਸ ਪਾੜੇ 
ਮਾਨਸਾ ਸ਼ਹਿਰ ’ਚ ਕੁਝ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਤੇ ਸੱਤਾ ਧਿਰ ਦੇ ਨੁਮਾਇੰਦਿਆਂ ਦੇ ਪੋਸਟਰ ਤੇ ਫਲੈਕਸ ਪਾੜ ਦਿੱਤੇ। ਰੋਹ ’ਚ ਆਏ ਨੌਜਵਾਨਾਂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਉਣ ਵਾਲੀ ਪੰਜਾਬ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ ’ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਆਖਿਆ ਕਿ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਮਰਹੂਮ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

ਮਾਨਸਾ ’ਚ ਨਹੀਂ ਮਨਾਇਆ ਜਾਵੇਗਾ ਦੁਸਹਿਰਾ
ਨਿਊ ਦੁਸਹਿਰਾ ਕਮੇਟੀ ਮਾਨਸਾ ਵਲੋਂ ਝੋਟਾ ਦੀ ਹੱਤਿਆ ਤੋਂ ਬਾਅਦ ਹਾਲਾਤ ਦੇ ਮੱਦੇਨਜ਼ਰ ਐਤਕੀਂ ਮਾਨਸਾ ’ਚ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾਵੇਗਾ। ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਅਨੁਸਾਰ ਕਮੇਟੀ ਤਿਆਰੀਆਂ ’ਤੇ ਪਹਿਲਾਂ ਹੀ ਲਗਭਗ 3 ਲੱਖ ਰੁਪਏ ਖ਼ਰਚ ਚੁੱਕੀ ਹੈ ਅਤੇ ਪੁਤਲੇ ਵੀ ਤਿਆਰ ਕਰ ਲਏ ਗਏ ਸਨ। 

ਐਸ.ਐੱਚ.ਓ. ਮੁਅੱਤਲ 
ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਜਾਂਚ ਦੇ ਚੱਲਦਿਆਂ ਥਾਣਾ ਸ਼ਹਿਰੀ-2 ਮਾਨਸਾ ਦੀ ਮੁਖੀ ਇੰਸਪੈਕਟਰ ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਕੀਤੀ। ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਮਾਮਲੇ ਦੀ ਗਾਜ਼ 2 ਹੋਰ ਅਧਿਕਾਰੀਆਂ ’ਤੇ ਵੀ ਡਿੱਗ ਸਕਦੀ ਹੈ।

ਪਿਛਲੀ ਖ਼ਬਰ ਪੰਜਾਬ ਬੰਦ ਨੂੰ ਕਈ ਥਾਈਂ ਭਰਵਾਂ ਹੁੰਗਾਰਾ ਅਗਲੀ ਖ਼ਬਰ ਕੇਂਦਰ ਨੇ ਪੰਜਾਬ ਨੂੰ ਬਿਨਾਂ ਰੁਕਾਵਟ ਬਿਜਲੀ ਅਤੇ ਕੋਲੇ ਦੀ ਸਪਲਾਈ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।