ਨਵੀਂ ਦਿੱਲੀ, 9 ਨਵੰਬਰ (ਜਗਤਾਰ ਸਿੰਘ)-ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ, ਮਹਿੰਗੀਆਂ ਦਵਾਈਆਂ ਦੀ ਖ਼ਰੀਦ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। ਕੇਂਦਰ ਸਰਕਾਰ ਵਲੋਂ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ 1364 ਦਵਾਈਆਂ (ਫਾਰਮੂਲੇਸ਼ਨਾਂ) ਦੀਆਂ ਨਵੀਂਆਂ ਅਤੇ ਘਟੀਆਂ ਹੋਈਆਂ ਕੀਮਤਾਂ (ਐਮ.ਆਰ.ਪੀ.) 9 ਨਵੰਬਰ ਤੋਂ ਦੇਸ਼ ਭਰ ਵਿਚ ਲਾਗੂ ਹੋ ਗਈਆਂ ਹਨ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐਨ.ਪੀ.ਪੀ.ਏ.) ਵਲੋਂ ‘ਟਰੇਡ ਮਾਰਜਿਨ ਰੈਸ਼ਨਲਾਈਜ਼ੇਸ਼ਨ’ (ਟੀ.ਐਮ.ਆਰ.) ਤਹਿਤ 137 ਕੈਂਸਰ ਦੀਆਂ ਦਵਾਈਆਂ ’ਤੇ ਵਪਾਰਕ ਮੁਨਾਫ਼ਾ ਵੱਧ ਤੋਂ ਵੱਧ 30 ਫ਼ੀਸਦੀ ਤੱਕ ਸੀਮਤ ਕਰ ਦਿੱਤਾ ਗਿਆ ਹੈ। ਇਸ ਕਦਮ ਨਾਲ 85 ਫਾਰਮਾਸਿਊਟੀਕਲ ਕੰਪਨੀਆਂ ਦੇ 121 ਗੈਰ-ਨਿਰਧਾਰਿਤ ਡਰੱਗਜ਼ ਨਾਲ ਸੰਬੰਧਿਤ 1,364 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਘਟ ਗਈਆਂ ਹਨ। ਕੁੱਲ 679 ਬ੍ਰਾਂਡਾਂ ਦੀਆਂ ਕੀਮਤਾਂ ’ਚ 50 ਫ਼ੀਸਦੀ ਤੋਂ ਵੱਧ ਦੀ ਵੱਡੀ ਗਿਰਾਵਟ ਆਈ ਹੈ ਅਤੇ ਕੁਝ ਮਾਮਲਿਆਂ ’ਚ ਇਹ ਕਟੌਤੀ 96.45 ਫ਼ੀਸਦੀ ਤੱਕ ਦਰਜ ਕੀਤੀ ਗਈ ਹੈ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਭਰ ਦੇ ਕੈਂਸਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਲਾਨਾ ਲਗਭਗ 3,540.38 ਕਰੋੜ ਰੁਪਏ ਬਚਣ ਦਾ ਅਨੁਮਾਨ ਹੈ। ਹੁਣ ਕੋਈ ਵੀ ਮੈਡੀਕਲ ਸਟੋਰ, ਕੈਮਿਸਟ ਜਾਂ ਹਸਪਤਾਲ ਦੀ ਫਾਰਮੇਸੀ ਮਰੀਜ਼ਾਂ ਕੋਲੋਂ ਇਨ੍ਹਾਂ ਦਵਾਈਆਂ ਦੀ ਨਵੀਂ ਤੈਅ ਹੋਈ ਐਮ.ਆਰ.ਪੀ. ਤੋਂ ਇਕ ਰੁਪਿਆ ਵੀ ਵੱਧ ਨਹੀਂ ਵਸੂਲ ਸਕਦੀ। ਦਵਾਈਆਂ ਦੀਆਂ ਅਸਲ ਕੀਮਤਾਂ ਦੀ ਪੁਸ਼ਟੀ ਕਰਨ ਲਈ ਸਰਕਾਰ ਦੀ ਮੋਬਾਈਲ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ ਜਾਂ ਐਨ.ਪੀ.ਪੀ.ਏ. ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਦੇਸ਼ ਦੇ ਕਿਸੇ ਵੀ ਮੈਡੀਕਲ ਸਟੋਰ, ਕੈਮਿਸਟ ਜਾਂ ਹਸਪਤਾਲ ਫਾਰਮੇਸੀ ਨੂੰ ਇਨ੍ਹਾਂ ਦਵਾਈਆਂ ਦੇ ਸੋਧੇ ਹੋਏ (ਨਵੇਂ) ਐਮ.ਆਰ.ਪੀ. ਤੋਂ ਇਕ ਵੀ ਰੁਪਿਆ ਵੱਧ ਵਸੂਲਣ ਦੀ ਇਜਾਜ਼ਤ ਨਹੀਂ ਹੈ।
ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ
ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ
ਅਜੀਤ ਡੈਸਕ
10-11-2026