ਨਵੀਂ ਦਿੱਲੀ, 7 ਅਕਤੂਬਰ (ਜਗਤਾਰ ਸਿੰਘ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੇਪੋ ਰੇਟ ’ਚ 25 ਬੇਸਿਸ ਪੁਆਇੰਟ ਦਾ ਵਾਧਾ ਕਰਕੇ ਇਸ ਨੂੰ 5.50 ਫੀਸਦੀ ਕਰ ਦਿੱਤਾ ਹੈ। ਇਹ ਕਰੀਬ ਚਾਰ ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਵਿਆਜ ਦਰ ਵਧਾਈ ਹੈ। ਮਹਿੰਗਾਈ ’ਚ ਵਾਧੇ ਤੇ ਰੁਪਏ ਦੀ ਕਮਜ਼ੋਰੀ ਦੇ ਮੱਦੇਨਜ਼ਰ ਆਰ. ਬੀ. ਆਈ. ਨੇ ਆਉਣ ਵਾਲੇ ਸਮੇਂ ’ਚ ਹੋਰ ਵਾਧਿਆਂ ਦੇ ਸੰਕੇਤ ਵੀ ਦਿੱਤੇ ਹਨ। ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐੱਮ.ਪੀ.ਸੀ.) ਨੇ ਸਰਬਸੰਮਤੀ ਨਾਲ ਰੇਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਦਸੰਬਰ 2024 ’ਚ ਸੰਜੇ ਮਲਹੋਤਰਾ ਦੇ ਆਰ.ਬੀ.ਆਈ. ਗਵਰਨਰ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰੇਪੋ ਰੇਟ ’ਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਇਹ ਕਦਮ ਉਮੀਦ ਅਨੁਸਾਰ ਸੀ, ਪਰ ਕੇਂਦਰੀ ਬੈਂਕ ਵਲੋਂ ਆਪਣੀ ਨੀਤੀ ਦਾ ਰੁਖ ਬਦਲ ਕੇ ਸੋਚ ਸਮਝ ਕੇ ਪੜਾਅਵਾਰ ਸਖ਼ਤੀ (ਕੈਲੀਬਰੇਟਿਡ ਟਾਈਟਨਿੰਗ) ਕਰਨ ਦਾ ਫੈਸਲਾ ਹੈਰਾਨੀਜਨਕ ਰਿਹਾ। ਇਸ ਨਾਲ ਨੇੜਲੇ ਸਮੇਂ ’ਚ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ। ਮਲਹੋਤਰਾ ਨੇ ਐੱਮ.ਪੀ.ਸੀ. ਦੇ ਫੈਸਲਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਨੇੜਲੇ ਸਮੇਂ ’ਚ ਦਰਾਂ ’ਚ ਕਟੌਤੀ ਦੀ ਸੰਭਾਵਨਾ ਨਹੀਂ ਹੈ ਤੇ ਅੱਗੇ ਨੀਤੀਗਤ ਕਦਮ ਜਾਂ ਤਾਂ ਵਿਆਜ ਦਰ ਵਧਾਉਣ ਜਾਂ ਦਰ ਨੂੰ ਮੌਜੂਦਾ ਪੱਧਰ ’ਤੇ ਰੱਖਣ ਤੱਕ ਸੀਮਤ ਰਹਿ ਸਕਦੇ ਹਨ। ਇਹ ਫੈਸਲਾ ਮਹਿੰਗਾਈ ਤੇ ਆਰਥਿਕ ਵਿਕਾਸ ਦੀ ਸਥਿਤੀ ’ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਅਗਲੇ ਵਾਧੇ ਦਾ ਸਮਾਂ ਤੇ ਪੱਧਰ ਮਹਿੰਗਾਈ ਤੇ ਆਰਥਿਕ ਵਿਕਾਸ ਦੀ ਸਥਿਤੀ, ਖਾਸ ਕਰਕੇ ਅੰਦਰੂਨੀ ਕੀਮਤੀ ਦਬਾਅ ਤੇ ਸਪਲਾਈ ਨਾਲ ਜੁੜੇ ਝਟਕਿਆਂ ਦੇ ਵਿਆਪਕ ਅਰਥਵਿਵਸਥਾ ਵਿੱਚ ਪੱਕੇ ਹੋਣ ਦੀ ਹੱਦ ’ਤੇ ਨਿਰਭਰ ਕਰੇਗਾ। ਭਾਰਤ ਨੇ ਹੁਣ ਪ੍ਰਮੁੱਖ ਕੇਂਦਰੀ ਬੈਂਕਾਂ ਦੇ ਰੁਝਾਨ ਦੇ ਅਨੁਸਾਰ ਵਿਆਜ ਦਰਾਂ ਵਧਾਈਆਂ ਹਨ। ਕੇਂਦਰੀ ਬੈਂਕ ਨੇ 2026-27 ਵਿੱਤੀ ਸਾਲ ’ਚ ਔਸਤ ਖੁਦਰਾ ਮਹਿੰਗਾਈ 5.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਤੀਜੀ ਤਿਮਾਹੀ ’ਚ ਮਹਿੰਗਾਈ 6 ਫੀਸਦੀ ਤੇ ਚੌਥੀ ਤਿਮਾਹੀ ’ਚ 5.7 ਫੀਸਦੀ ਰਹਿਣ ਦਾ ਅਨੁਮਾਨ ਹੈ।
ਰਿਜ਼ਰਵ ਬੈਂਕ ਨੇ ਚਾਰ ਸਾਲ ਬਾਅਦ ਵਿਆਜ ਦਰ ਵਧਾਈ
ਨਵੀਂ ਦਿੱਲੀ, 7 ਅਕਤੂਬਰ (ਜਗਤਾਰ ਸਿੰਘ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੇਪੋ ਰੇਟ ’ਚ 25 ਬੇਸਿਸ ਪੁਆਇੰਟ ਦਾ ਵਾਧਾ ਕਰਕੇ ਇਸ ਨੂੰ 5.50 ਫੀਸਦੀ ਕਰ ਦਿੱਤਾ ਹੈ। ਇਹ ਕਰੀਬ ਚਾਰ ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ..
ਅਜੀਤ ਡੈਸਕ
08-10-2026