06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਇਮਰਾਨ ਖ਼ਾਨ ਦੀ ਰਿਹਾਈ ਲਈ ਇਸਲਾਮਾਬਾਦ ਵੱਲ ਵਧ ਰਹੇ ਹਜ਼ਾਰਾਂ ਸਮਰਥਕ

ਇਮਰਾਨ ਖ਼ਾਨ ਦੀ ਰਿਹਾਈ ਲਈ ਇਸਲਾਮਾਬਾਦ ਵੱਲ ਵਧ ਰਹੇ ਹਜ਼ਾਰਾਂ ਸਮਰਥਕ

ਅਜੀਤ ਡੈਸਕ 06-10-2026

ਪਾਕਿ ’ਚ ਸਿਆਸੀ ਭੁਚਾਲ 

 

ਪੀ. ਟੀ. ਆਈ. ਦੇ 2 ਹਜ਼ਾਰ ਕਾਰਕੁੰਨ ਗ੍ਰਿਫ਼ਤਾਰ

ਪਾਕਿਸਤਾਨੀ ਹਕੂਮਤ ਅਤੇ ਫ਼ੌਜ ਮੁਖੀ ਦੀਆਂ ਵਧੀਆਂ ਚਿੰਤਾਵਾਂ

ਸੁਰਿੰਦਰ ਕੋਛੜ
ਅੰਮ੍ਰਿਤਸਰ, 5 ਅਕਤੂਬਰ -ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦੇਸ਼ ’ਚ ਸਿਆਸੀ ਭੁਚਾਲ ਆ ਗਿਆ ਹੈ। ਅਜਿਹੇ ਸਮੇਂ ਜਦੋਂ ਪਾਕਿ ਪਹਿਲਾਂ ਹੀ ਅੱਤਵਾਦੀ ਹਮਲਿਆਂ ਨਾਲ ਜੂਝ ਰਿਹਾ ਹੈ, ਇਸ ਨਵੇਂ ਸਿਆਸੀ ਟਕਰਾਅ ਕਾਰਨ ਪਾਕਿਸਤਾਨ ’ਚ ਬੇਯਕੀਨੀ ਦਾ ਮਾਹੌਲ ਹੋਰ ਗਹਿਰਾ ਗਿਆ ਹੈ। ਸਰਕਾਰ ਨਾਲ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵਲੋਂ ਸੂਬਾ ਖ਼ੈਬਰ ਪਖਤੂਨਖਵਾ ਤੋਂ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਵੱਲ ਵੱਡਾ ਮਾਰਚ ਕੱਢਿਆ ਜਾ ਰਿਹਾ ਹੈ। ਇਨ੍ਹਾਂ ਹਾਲਾਤ ਨੇ ਪਾਕਿਸਤਾਨੀ ਹਕੂਮਤ ਤੇ ਫ਼ੌਜ ਮੁਖੀ ਆਸਿਮ ਮੁਨੀਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਸਣਯੋਗ ਹੈ ਕਿ ਪੀ. ਟੀ. ਆਈ. ਸਮਰਥਕਾਂ ਨੇ ਲੰਘੇ ਦਿਨ ਐਤਵਾਰ 4 ਅਕਤੂਬਰ ਨੂੰ ਖ਼ੈਬਰ ਪਖਤੂਨਖਵਾ ਦੇ ਲੱਕੀ ਮਰਵਤ ਸਥਿਤ ਗਾਂਡੀ ਚੌਕ ’ਤੇ ਇਕੱਠੇ ਹੋ ਕੇ ਇਸ ਲਾਂਗ ਮਾਰਚ ਦੀ ਸ਼ੁਰੂਆਤ ਕੀਤੀ ਅਤੇ ਉੱਥੋਂ ਲਗਭਗ 275 ਕਿੱਲੋਮੀਟਰ ਦੂਰ ਇਸਲਾਮਾਬਾਦ ਵੱਲ ਹਜ਼ਾਰਾਂ ਸਮਰਥਕ ਤੇਜ਼ੀ ਨਾਲ ਅਤੇ ਲਗਾਤਾਰ ਅੱਗੇ ਵਧ ਰਹੇ ਹਨ। ਲੰਘੀ ਦੇਰ ਰਾਤ ਟਰੱਕਾਂ, ਬੱਸਾਂ ਤੇ ਕਾਰਾਂ ਦੇ ਕਾਫ਼ਲੇ ’ਚ ਸਵਾਰ ਪ੍ਰਦਰਸ਼ਨਕਾਰੀ ਖ਼ੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਤ ਜ਼ਿਲ੍ਹੇ ਤੋਂ ਰਵਾਨਾ ਹੋਏ, ਜਿੱਥੇ ਇਮਰਾਨ ਖ਼ਾਨ ਦੀ ਪਾਰਟੀ ਪੀ.ਟੀ.ਆਈ. ਸੱਤਾ ’ਚ ਹੈ। ਇਸ ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਕਰ ਰਹੇ ਹਨ। ਇਮਰਾਨ ਖ਼ਾਨ ਦੀ ਵੱਡੀ ਤਸਵੀਰ ਵਾਲੇ ਵਿਸ਼ੇਸ਼ ਕੰਟੇਨਰ ਟਰੱਕ ਤੋਂ ਬੋਲਦਿਆਂ ਅਫ਼ਰੀਦੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਅੰਦੋਲਨ ਰਾਜਧਾਨੀ ਦੇ ਦਿਲ ਭਾਵ ਡੀ-ਚੌਕ ਤੱਕ ਪਹੁੰਚ ਕੇ ਆਪਣੀਆਂ ਮੰਗਾਂ ਮਨਵਾਏਗਾ। ਪ੍ਰਦਰਸ਼ਨਕਾਰੀ ਇਮਰਾਨ ਖ਼ਾਨ ਦੀ ਰਿਹਾਈ ਤੋਂ ਇਲਾਵਾ ਉਨ੍ਹਾਂ ਨੂੰ ਤੁਰੰਤ ਹਸਪਤਾਲ ਤਬਦੀਲ ਕਰਨ ਤੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨਾਲ ਮੁਲਾਕਾਤਾਂ ਨੂੰ ਸਿਆਸੀ ਮਕਸਦਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪੀ.ਟੀ.ਆਈ. ਦੇ ਚੇਅਰਮੈਨ ਗੌਹਰ ਖ਼ਾਨ ਅਨੁਸਾਰ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਸਮਝੌਤਾ ਨਹੀਂ ਹੋ ਸਕਿਆ। ਜਦਕਿ, ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਗੱਲਬਾਤ ਅਸਫਲ ਹੋਣ ਦਾ ਦੋਸ਼ ਮੁੱਖ ਮੰਤਰੀ ਅਫ਼ਰੀਦੀ ’ਤੇ ਲਗਾਇਆ ਅਤੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਲਈ ਉਹੀ ਜ਼ਿੰਮੇਵਾਰ ਹੋਣਗੇ। ਪੀ.ਟੀ.ਆਈ. ਦੇ ਮਾਰਚ ਨੂੰ ਇਸਲਾਮਾਬਾਦ ’ਚ ਦਾਖਲ ਹੋਣ ਤੋਂ ਰੋਕਣ ਲਈ ਰਾਜਧਾਨੀ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਕਿਸੇ ਨੂੰ ਵੀ ਰਾਜਧਾਨੀ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸੁਰੱਖਿਆ ਦੇ ਮੱਦੇਨਜ਼ਰ ਸੰਸਦ ਭਵਨ ਤੇ ਮੁੱਖ ਹਾਈਵੇਅ ਦੇ ਰਸਤਿਆਂ ’ਤੇ ਕੰਟੇਨਰ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਪੀ. ਟੀ. ਆਈ. ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸਰਕਾਰ ਵਲੋਂ ਉਨ੍ਹਾਂ ਦੇ ਲਗਭਗ 2,000 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਸਿੰਧ ’ਚ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ
ਕਰਾਚੀ ਅਤੇ ਸੁੱਕਰ ਸਮੇਤ ਸਿੰਧ ਦੇ ਵੱਖ-ਵੱਖ ਹਿੱਸਿਆਂ ’ਚ ਪੁਲਿਸ ਨੇ ਪੀ. ਟੀ. ਆਈ. ਦੇ ਪ੍ਰਦਰਸ਼ਨਾਂ ਨੂੰ ਰੋਕਦਿਆਂ ਔਰਤਾਂ ਸਮੇਤ 100 ਤੋਂ ਵੱਧ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਪਿਛਲੀ ਖ਼ਬਰ ਦਵਾਈਆਂ ਦੇ ਖੇਤਰ ’ਚ 3 ਵਿਗਿਆਨੀਆਂ ਨੂੰ ਨੋਬਲ ਪੁਰਸਕਾਰ ਅਗਲੀ ਖ਼ਬਰ ਪਠਾਨਕੋਟ ’ਚ ਸੈਰ-ਸਪਾਟਾ ਵਿਕਸਿਤ ਕਰਨ ਲਈ ਰਣਜੀਤਗੜ੍ਹ ਵਿਕਾਸ ਅਥਾਰਟੀ ਦੇ ਗਠਨ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।