ਮੌਕੇ ’ਤੇ ਪੁੱਜ ਕੇ ਲਿਆ ਸਥਿਤੀ ਦਾ ਜਇਜ਼ਾ, ਨੇੜਲੇ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਰਹੀਆਂ ਬੰਦ
ਐਤਵਾਰ ਹੰਗਾਮੇ ਤੋਂ ਬਾਅਦ ਮਾਹੌਲ ਹੋਇਆ ਸ਼ਾਂਤਮਈ



ਫਗਵਾੜਾ, 28 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ’ਚ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਭਾਵੇਂ ਪੂਰੀ ਤਰ੍ਹਾਂ ਕਾਬੂ ਹੇਠ ਕਰ ਲਿਆ ਗਿਆ ਹੈ, ਪਰ ਇਸ ਦੇ ਬਾਵਜੂਦ ਯੂਨੀਵਰਸਿਟੀ ਦੇ ਨੇੜਲੇ ਇਲਾਕਿਆਂ ’ਚ ਇਹਤਿਆਤ ਦੇ ਤੌਰ ‘ਤੇ ਇੰਟਰਨੈੱਟ ਸੇਵਾਵਾਂ ਕੁਝ ਦੇਰ ਲਈ ਬੰਦ ਕਰ ਦਿੱਤੀਆਂ ਗਈਆਂ। ਇਸੇ ਦਰਮਿਆਨ ਪੰਜਾਬ ਪੁਲਿਸ ਮੁਖੀ ਡੀ. ਜੀ. ਪੀ. ਗੌਰਵ ਯਾਦਵ ਸਥਿਤੀ ਦਾ ਜਾਇਜ਼ਾ ਲੈਣ ਲਈ ਯੂਨੀਵਰਸਿਟੀ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਕਾਨੂੰਨ ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ ’ਚ ਲਿਆ ਹੈ, ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਦੱਸਿਆ ਕਿ ਵਿਦਿਆਰਥੀਆਂ ਨਾਲ ਗੱਲਬਾਤ ਮਗਰੋਂ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਵਿਚਾਲੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੈ ਕੇ ਕਾਫ਼ੀ ਰੋਸ ਸੀ, ਪਰ ਪੁਲਿਸ ਨੇ ਗੱਲਬਾਤ ਨਾਲ ਸਾਰੇ ਮਸਲੇ ਦਾ ਹੱਲ ਕੱਢਿਆ ਹੈ। ਉਨ੍ਹਾਂ ਕਿਹਾ ਪੁਲਿਸ ਵਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਂ ਰਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਜਿਵੇਂ ਹਾਲਾਤ ਵਿਗੜੇ ਅਸੀਂ ਪਹਿਲਾਂ ਹੀ ਫ਼ੈਸਲਾ ਲੈ ਲਿਆ ਸੀ ਕਿ ਵਿਦਿਆਰਥੀਆਂ ਨਾਲ ਸਖ਼ਤੀ ਨਹੀਂ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਇਸ ਮਾਮਲੇ ’ਚ ਐਫ.ਆਈ.ਆਰ. ਦਰਜ ਹੋ ਚੁੱਕੀ ਹੈ ਤੇ ਜਾਂਚ ਟੀਮ ਗੰਭੀਰਤਾ ਨਾਲ ਸਾਰੇ ਮਾਮਲੇ ਦੀ ਜਾਂਚ ਕਰੇਗੀ। ਡੀ.ਜੀ.ਪੀ. ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਗੈਰ-ਪ੍ਰਮਾਣਿਤ ਆਡੀਓ/ਵੀਡੀਓਜ਼ ਕਲਿੱਪ ਜਾਂ ਹੋਰ ਗੁਮਰਾਹਕੁੰਨ ਸਮੱਗਰੀ ਫੈਲਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਲੋਕਾਂ ਨੂੰ ਸਿਰਫ਼ ਅਧਿਕਾਰਤ ਤੇ ਪ੍ਰਮਾਣਿਤ ਸਰੋਤਾਂ ਰਾਹੀਂ ਜਾਰੀ ਕੀਤੀ ਜਾਣਕਾਰੀ ’ਤੇ ਹੀ ਭਰੋਸਾ ਕਰਨ ਲਈ ਕਿਹਾ ਤੇ ਚਿਤਾਵਨੀ ਦਿੱਤੀ ਕਿ ਜਾਣਬੁੱਝ ਕੇ ਬੇਬੁਨਿਆਦ ਜਾਂ ਗੁਮਰਾਹਕੁੰਨ ਸਮੱਗਰੀ ਫੈਲਾਉਣ ਵਾਲਿਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੇ ਇਸ ਦੇ ਆਲੇ-ਦੁਆਲੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਅਮਨ-ਕਾਨੂੰਨ ਬਣਾਈ ਰੱਖਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਐਸ.ਐਸ.ਪੀ. ਗੌਰਵ ਤੂਰਾ, ਐਡੀਸ਼ਨਲ ਡਿਪਟੀ ਕਮਿਸ਼ਨਰ ਰਣਦੀਪ ਸਿੰਘ ਹੀਰ ਵੀ ਮੌਜੂਦ ਸਨ। ਫ਼ਿਲਹਾਲ ਮਾਹੌਲ ਨੂੰ ਕਾਬੂ ਕਰਨ ਲਈ ਕੈਂਪਸ ’ਚ ਵੱਡੀ ਗਿਣਤੀ ’ਚ ਪੁਲਿਸ ਬਲ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤੇ ਵਿਦਿਆਰਥੀ ਇਸ ਹੰਗਾਮੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ’ਚ ਪੁਲਿਸ ਦੀ ਮਦਦ ਕਰ ਰਹੇ ਹਨ। ਅੱਜ ਬਹੁਤ ਸਾਰੇ ਵਿਦਿਆਰਥੀ ਘਰਾਂ ਨੂੰ ਵਾਪਸ ਚਲੇ ਗਏ| ਅੱਜ ਸਾਰਾ ਦਿਨ ਮਾਹੌਲ ਸ਼ਾਂਤੀਪੂਰਨ ਰਿਹਾ, ਹਾਈਵੇ ’ਤੇ ਆਵਾਜਾਈ ਆਮ ਵਾਂਗ ਜਾਰੀ ਰਹੀ ਤੇ ਯੂਨੀਵਰਸਿਟੀ ਦੇ ਨੇੜੇ ਦੁਕਾਨਾਂ ਵੀ ਖੁੱਲ੍ਹੀਆਂ ਰਹੀਆਂ |
ਵਾਕੀ-ਟਾਕੀ ਵਾਲੇ ਵਿਅਕਤੀ ਬਾਹਰੀ ਨਹੀਂ ਸਗੋਂ ਫ਼ੌਜ ਦੇ ਅਧਿਕਾਰੀ ਸਨ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਵਾਦ ਦੌਰਾਨ ਵਾਕੀ-ਟਾਕੀ ਲੈ ਕੇ ਪਹੁੰਚੇ ਲੋਕਾਂ ਬਾਰੇ ਸਪੈਸ਼ਲ ਡਾਇਰੈਕਟਰ ਡੀ.ਜੀ.ਪੀ. ਨੇ ਵੱਡਾ ਖ਼ੁਲਾਸਾ ਕਰਦਿਆਂ ਸਪੱਸ਼ਟ ਕੀਤਾ ਕਿ ਵਾਕੀ-ਟਾਕੀ ਵਾਲੇ ਵਿਅਕਤੀ ਬਾਹਰੀ ਨਹੀਂ ਸਗੋਂ ਫ਼ੌਜ ਦੇ ਅਧਿਕਾਰੀ ਸਨ | ਸਪੈਸ਼ਲ ਡੀ. ਜੀ. ਪੀ. ਮੁਤਾਬਿਕ ਕੁਝ ਫੌਜੀ ਅਧਿਕਾਰੀਆਂ ਦੇ ਬੱਚੇ ਐਲ.ਪੀ.ਯੂ. ’ਚ ਪੜ੍ਹਦੇ ਹਨ ਇਹ ਅਧਿਕਾਰੀ ਸਥਿਤੀ ਨੂੰ ਵੈਰੀਫਾਈ ਕਰਨ ਲਈ ਯੂਨੀਵਰਸਿਟੀ ਪਹੁੰਚੇ ਸਨ ਉਨ੍ਹਾਂ ਨਾਲ ਕੁੱਝ ਜਵਾਨ ਵੀ ਮੌਜੂਦ ਸਨ। ਅਧਿਕਾਰੀਆਂ ਕੋਲ ਰਵਾਇਤੀ ਹਥਿਆਰ ਸਨ ਜਦਕਿ ਇਕ ਅਧਿਕਾਰੀ ਕੋਲ ਵਾਕੀ-ਟਾਕੀ ਵੀ ਸੀ। ਉਨ੍ਹਾਂ ਕਿਹਾ ਪੁਲਿਸ ਟੀਮ ਨੇ ਵਾਕੀ-ਟਾਕੀ ਨੂੰ ਸਾਈਡ ਤੇ ਲਿਜਾ ਕੇ ਉਸ ਦੀ ਜਾਂਚ ਕੀਤੀ ਤਾਂ ਉਹ ਸਬੰਧਿਤ ਮੇਜਰ ਪੱਧਰ ਦੇ ਅਧਿਕਾਰੀ ਦਾ ਨਿਕਲਿਆ। ਸਪੈਸ਼ਲ ਡੀ.ਜੀ.ਪੀ. ਨੇ ਕਿਹਾ ਕਿ ਐਲ.ਪੀ.ਯੂ. ਵਿਵਾਦ ਨਾਲ ਸਬੰਧਿਤ ਜ਼ਿਆਦਾਤਰ ਸ਼ਿਕਾਇਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੈ ਕੇ ਆਈਆਂ ਹਨ। ਪੁਲਿਸ ਵਿਰੁੱਧ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ ਜਾਂਚ ਨਾਲ ਸਬੰਧਿਤ ਹੋਰ ਵੇਰਵੇ ਇਸ ਸਮੇਂ ਜਾਰੀ ਨਹੀਂ ਕੀਤੇ ਜਾ ਸਕਦੇ |
ਐਲ.ਪੀ.ਯੂ ਦੇ ਵਿਦਿਆਰਥੀਆਂ ਨੂੰ ਕਿਸ ਨੇ ਬਣਾਇਆ ਮੋਹਰਾ ?-ਜਾਖੜ

ਚੰਡੀਗੜ੍ਹ, 28 ਸਤੰਬਰ (ਸੰਦੀਪ ਕੁਮਾਰ ਮਾਹਨਾ)-ਵਿਦਿਆਰਥੀ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਵਾਕੀ-ਟਾਕੀ ਮਿਲਣ ਤੇ ਬਾਹਰੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੇ ਜਾਣ ਦੀ ਜਾਣਕਾਰੀ ਤੋਂ ਬਾਅਦ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੂਰੇ ਘਟਨਾਕ੍ਰਮ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਜਾਖੜ ਨੇ ਕਿਹਾ ਕਿ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸ਼ਮੂਲੀਅਤ ਤੋਂ ਬਾਅਦ ਹਾਲਾਤ ਅਚਾਨਕ ਕਿਵੇਂ ਭੜਕ ਗਏ, ਇਹ ਜਾਂਚ ਦਾ ਵਿਸ਼ਾ ਹੈ । ਉਨ੍ਹਾਂ ਸਵਾਲ ਉਠਾਇਆ ਕਿ ਕੀ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਆੜ ’ਚ ਕੋਈ ਸਿਆਸੀ ਰੰਜਿਸ਼ ਜਾਂ ਬਾਹਰੀ ਤਾਕਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਪੁਲਿਸ ਨੇ ਐਲ.ਪੀ.ਯੂ. ਦੀ ਸਥਿਤੀ ਨੂੰ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ-ਬਲਤੇਜ ਪੰਨੂ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)-ਐਲ.ਪੀ.ਯੂ. ’ਚ ਵਾਪਰੀ ਘਟਨਾ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ‘ਆਪ’ ਨੇ ਕਿਹਾ ਹੈ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਪੁਲਿਸ ਵਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਪਾਰਟੀ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਡੀ.ਜੀ.ਪੀ. ਗੌਰਵ ਯਾਦਵ ਨੇ ਖ਼ੁਦ ਯੂਨੀਵਰਸਿਟੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਹਾਲਾਤ ਨੂੰ ਸੰਜਮ ਤੇ ਪੇਸ਼ੇਵਰ ਢੰਗ ਨਾਲ ਸੰਭਾਲਿਆ ਹੈ।