22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੀ.ਬੀ.ਆਈ. ਵਲੋਂ ਜਾਂਚ ਸ਼ੁਰੂ-ਚੰਡੀਗੜ੍ਹ ਵਿਖੇ ਮੁਕੱਦਮਾ ਦਰਜ ਏਜੰਸੀ ਦੇ ਅਧਿਕਾਰੀ ਪਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ

ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਸ਼ਾ ਵਿਰੋਧੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਸੀ.ਬੀ.ਆਈ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ...

ਅਜੀਤ ਡੈਸਕ 22-10-2026

ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਸ਼ਾ ਵਿਰੋਧੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਸੀ.ਬੀ.ਆਈ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਟਵੀਟ ਕਰ ਕੇ ਇਹ ਮਾਮਲਾ ਸੀ.ਬੀ.ਆਈ. ਨੂੰ ਸੌਂਪਣ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸਾ ਵਿਖੇ ਪਰਿਵਾਰਕ ਮੈਂਬਰਾਂ ਨਾਲ ਮਿਲਣੀ ਮੌਕੇ ਭਰੋਸਾ ਦਿੱਤਾ ਸੀ ਕਿ 24 ਘੰਟਿਆਂ ’ਚ ਕੇਂਦਰੀ ਜਾਂਚ ਏਜੰਸੀ ਹੱਤਿਆ ਕਾਂਡ ਦੀ ਪੜਤਾਲ ਸ਼ੁਰੂ ਕਰ ਦੇਵੇਗੀ। ਗ੍ਰਹਿ ਮੰਤਰੀ ਵਲੋਂ ਇਹ ਭਰੋਸਾ ਦੇਣ ਦੀ ਦੇਰ ਹੀ ਸੀ ਕਿ ਏਜੰਸੀ ਦੀ ਟੀਮ ਅੱਧੀ ਰਾਤ ਨੂੰ ਹੀ ਇਥੇ ਪਹੁੰਚ ਗਈ। ਟੀਮ ਨੇ ਸਭ ਤੋਂ ਪਹਿਲਾਂ ਥਾਣਾ ਸ਼ਹਿਰੀ-2 ਤੋਂ ਪੂਰਾ ਰਿਕਾਰਡ ਹਾਸਿਲ ਕੀਤਾ ਤੇ ਫਿਰ ਥਾਣੇ ’ਚ ਪਹਿਲਾਂ ਹੀ ਦਰਜ ਐਫ.ਆਈ.ਆਰ. ਦੇ ਆਧਾਰ ’ਤੇ ਚੰਡੀਗੜ੍ਹ ਵਿਖੇ ਆਪਣੇ ਵਲੋਂ ਮੁਕੱਦਮਾ ਦਰਜ ਕਰ ਲਿਆ। ਟੀਮ ਦੇ ਮੈਂਬਰਾਂ ਨੇ ਝੋਟਾ ਦੇ ਘਰ ਪਹੁੰਚ ਕੇ ਉਸ ਦੇ ਪਿਤਾ ਭੀਮ ਸਿੰਘ, ਪਤਨੀ ਮਨਪ੍ਰੀਤ ਕੌਰ ਤੋਂ ਕੁਝ ਬਿਆਨ ਵੀ ਲਏ। ਉਪਰੰਤ ਇਹ ਟੀਮ ਕਾਤਲ ਅਸ਼ਵਨੀ ਕੁਮਾਰ ਦੀ ਦੁਕਾਨ ’ਤੇ ਪਹੁੰਚੀ। ਉਨ੍ਹਾਂ ਦੁਕਾਨ ’ਚੋਂ ਕੁਝ ਬਚੀਆਂ-ਖੁਚੀਆਂ ਚੀਜ਼ਾਂ ਕਬਜ਼ੇ ’ਚ ਲੈ ਲਈਆਂ। ਦੱਸਣਯੋਗ ਹੈ ਕਿ ਇਸ ਦੁਕਾਨ ਨੂੰ ਪਹਿਲਾਂ ਹੀ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਜਿਥੇ ਝੋਟੇ ਦੀ ਹੱਤਿਆ ਹੋਈ ਸੀ, ਦੇ ਨੇੜਲੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਜਿਸ ਬੂਟਾਂ ਵਾਲੀ ਦੁਕਾਨ ’ਚ ਉਸ ’ਤੇ ਗੋਲੀਆਂ ਮਾਰੀਆਂ ਗਈਆਂ ਸਨ, ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ। ਇਸੇ ਦੌਰਾਨ ਸੜਕ ’ਤੇ ਕੁਝ ਥਾਵਾਂ ’ਤੇ ਨਿਸ਼ਾਨਦੇਹੀ ਵੀ ਕੀਤੀ ਗਈ। ਟੀਮ ਦੀ ਅਗਵਾਈ ’ਚ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਮਾਹਿਰਾਂ ਵਲੋਂ ਕੁਝ ਨਮੂਨੇ ਵੀ ਲਏ ਗਏ। ਜਾਂਚ ਏਜੰਸੀ ਦੇ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰੀ ਰਹੇ ਪਰ ਏਨਾ ਜ਼ਰੂਰ ਦੱਸਿਆ ਕਿ ਚੰਡੀਗੜ੍ਹ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਏਜੰਸੀ ਵਲੋਂ ਇਹ ਜਾਂਚ ਡਾ. ਨਵਦੀਪ ਸਿੰਘ ਬਰਾੜ ਡੀ.ਆਈ.ਜੀ. ਸੀ.ਬੀ.ਆਈ., ਏ.ਸੀ.ਬੀ. ਚੰਡੀਗੜ੍ਹ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਟੀਮ ਮੈਂਬਰਾਂ ਨੇ ਝੋਟੇ ਦੇ ਪਰਿਵਾਰ ਨੂੰ ਪੋਸਟਮਾਰਟਮ ਕਰਵਾਉਣ ਲਈ ਵੀ ਕਿਹਾ। ਉੱਧਰ ਧਰਨੇ ਨੂੰ ਸੰਬੋਧਨ ਕਰਦਿਆਂ ਝੋਟੇ ਦੇ ਪਿਤਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਪੋਸਟਮਾਰਟਮ ਕਰਵਾਉਣ ਦੀ ਗੱਲ ਚੱਲੀ ਸੀ ਪਰ ਪਰਿਵਾਰ ਨੇ ਸਪਸ਼ਟ ਆਖਿਆ ਕਿ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਦੂਸਰੇ ਪਾਸੇ ਪੀ.ਜੀ.ਆਈ. ਤੋਂ ਪੋਸਟਮਾਰਟਮ ਕਰਵਾਉਣ ਦੀ ਚਰਚਾ ਦੇ ਚੱਲਦਿਆਂ ਕੁਝ ਨਿਹੰਗਾਂ ਨੇ ਸਿਵਲ ਹਸਪਤਾਲ ਵਿਖੇ ਮੁਰਦਾਘਰ ਨੇੜੇ ਹੰਗਾਮਾ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਮ੍ਰਿਤਕ ਦੇਹ ਚੁੱਕਣ ਨਹੀਂ ਦਿੱਤੀ ਜਾਵੇਗੀ।

ਪਿਛਲੀ ਖ਼ਬਰ ਦੇਸ਼ ਦੀ ਸੁਰੱਖਿਆ ’ਚ ਪੁਲਿਸ ਜਵਾਨਾਂ ਦਾ ਬਲਿਦਾਨ ਬੇਹੱਦ ਅਹਿਮ-ਸ਼ਾਹ ਅਗਲੀ ਖ਼ਬਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਏਗਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਲੰਧਰ ਆਗਮਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।