03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕੈਨੇਡਾ ਦੇ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਵਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਿਆ ਸੁਝਾਅ ਪੱਤਰ

ਅੰਮ੍ਰਿਤਸਰ, 3 ਅਗਸਤ (ਜਸਵੰਤ ਸਿੰਘ ਜੱਸ)- ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਕੁਝ...

ਅਜੀਤ ਡੈਸਕ 03-08-2026

ਅੰਮ੍ਰਿਤਸਰ, 3 ਅਗਸਤ (ਜਸਵੰਤ ਸਿੰਘ ਜੱਸ)- ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਕੁਝ ਸਿੱਖਾਂ ਨੇ ਕੈਨੇਡਾ ਦੇ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਵਲੋਂ ਭੇਜਿਆ ਇਕ ਸੁਝਾਅ ਪੱਤਰ ਸੌਂਪਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ, ਜੋ ਵਿਦੇਸ਼ ਭੇਜੀਆਂ ਜਾਂਦੀਆਂ ਹਨ ਉਨ੍ਹਾਂ ਸਬੰਧੀ ਸੁਝਾਅ ਪ੍ਰਾਪਤ ਹੋਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰੇਤ ਇੰਚਾਰਜ ਸ. ਬਗੀਚਾ ਸਿੰਘ ਨੇ ਸੁਝਾਅ ਪੱਤਰ ਪ੍ਰਾਪਤ ਕੀਤਾ। 

ਸੁਝਾਅ ਪੱਤਰ ਸੌਂਪਣ ਆਏ ਸਿੰਘਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸਪੱਸ਼ਟ ਤੌਰ ਉੱਤੇ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵਲੋਂ ਜੋ ਸਰੂਪ ਕੈਨੇਡਾ ਭੇਜੇ ਗਏ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2009 ਵਿਚ ਬਣੇ ਵਿਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮਤੇ ਅਨੁਸਾਰ ਉੱਥੋਂ ਦੀ ਸੰਗਤ ਦੀ ਮੰਗ ਤੋਂ ਬਾਅਦ ਭੇਜੇ ਗਏ ਹਨ, ਜਿਸ ਵਿਚ ਕੋਈ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਹਨ ਜਿਥੋਂ ਸੰਗਤ ਵਲੋਂ ਪਾਵਨ ਸਰੂਪਾਂ ਦੀ ਮੰਗ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਰਹਿੰਦੀ ਹੈ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਦੇ ਮੱਦੇਨਜ਼ਰ ਸਮੇਂ-ਸਮੇਂ ਪਾਵਨ ਸਰੂਪ ਵਿਦੇਸ਼ਾਂ ਵਿਚ ਭੇਜੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਵਿਚ ਭੇਜਣ ਸਬੰਧੀ ਮੌਜੂਦਾ ਵਿਧਾਨ ਬਾਰੇ ਸੰਗਤ ਦੇ ਕੁਝ ਸੁਝਾਅ ਪੁੱਜ ਰਹੇ ਹਨ ਤਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਤਹਿਤ ਹੀ ਅੱਜ ਆਏ ਸਿੰਘਾਂ ਵਲੋਂ ਸੁਝਾਅ ਪੱਤਰ ਪ੍ਰਾਪਤ ਕੀਤਾ ਗਿਆ ਹੈ ਜਿਸ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਧੇਰੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਇਸ ਉੱਤੇ ਵਿਚਾਰ ਕਰਕੇ ਅਗਲੇ ਦਿਸ਼ਾ ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਫਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। 

ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਗਿਆ ਕੁਝ ਸਿੰਘਾਂ ਵਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਕੈਨੇਡਾ ਵਿਖੇ ਪਾਵਨ ਸਰੂਪ ਕੰਟੇਨਰ ਤੇ ਖਸਤਾ ਹਾਲਤ ਬੱਸ ਰਾਹੀਂ ਭੇਜੇ ਗਏ ਹਨ ਅਤੇ ਉਹ ਪਾਵਨ ਸਰੂਪ ਸਲ੍ਹਾਬੇ ਹਨ, ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਬਿਲਕੁਲ ਨਵੀਂ ਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਵਿੱਚ ਪੂਰਨ ਸਤਿਕਾਰ, ਨਿਯਮਾਂ ਤੇ ਮਰਯਾਦਾ ਅਨੁਸਾਰ ਸੁਖਆਸਨ ਰੂਪ ਵਿੱਚ ਸੁਸ਼ੋਭਿਤ ਕਰਕੇ ਭੇਜੇ ਗਏ ਹਨ, ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਵੱਲੋਂ ਪੂਰੇ ਅਦਬ ਅਤੇ ਸਤਿਕਾਰ ਨਾਲ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਪ੍ਰਾਪਤ ਕਰਨ ਉਪਰੰਤ ਗੁਰੂ ਘਰ ਵਿਖੇ ਬਿਰਾਜਮਾਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਿਸ ਗੁਰੂ ਘਰ ਵਿਖੇ ਸਰੂਪ ਭੇਜੇ ਗਏ ਹਨ ਉੱਥੋਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸਰੂਪ ਪਹੁੰਚਣ ਤੋਂ ਪਹਿਲਾਂ ਆਪ ਦੇਖ ਕੇ ਆਏ ਸਨ, ਜੋ ਕਿ ਪੂਰਾ ਪੁਖਤਾ ਤੇ ਮਰਯਾਦਾ ਅਨੁਸਾਰ ਪਾਇਆ ਗਿਆ ਸੀ। ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪਾਵਨ ਬੀੜਾਂ ਦੀ ਕੋਈ ਬੇਅਦਬੀ ਨਹੀਂ ਹੋਈ ਅਤੇ ਨਾ ਹੀ ਕਿਸੇ ਸਰੂਪ ਨੂੰ ਸਲ੍ਹਾਬ ਆਈ ਹੈ।

ਉਨ੍ਹਾਂ ਕਿਹਾ ਕਿ ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਵਿਖੇ ਬਿਲਕੁਲ ਸੁਰੱਖਿਅਤ ਪੁੱਜੇ ਹਨ ਅਤੇ ਅਨੇਕਾਂ ਹੀ ਸੰਗਤਾਂ ਵਲੋਂ ਇਸ ਲਈ ਧੰਨਵਾਦ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇ ਵੀ ਦਾਸਪੁਰਾ ਵੀ ਹਾਜ਼ਰ ਰਹੇ।

ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦਿੜ੍ਹਬਾ ਪੁਲਿਸ ਵਲੋਂ ਚੂਰਾ ਪੋਸਤ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਭਾਜਪਾ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੋਏ ਨਤਮਸਤਕ