ਡੱਬਵਾਲੀ ਦੇ 37 ਸ਼ਰਧਾਲੂਆਂ ਦੀ ਪਾਕਿ ਯਾਤਰਾ ਅਧੂਰੀ, ਕੱਲ੍ਹ ਸ਼ਨੀਵਾਰ ਨੂੰ ਸੰਗਤ ਤੈਅ ਕਰੇਗੀ ਅਗਲਾ ਕਦਮ
ਡੱਬਵਾਲੀ, 12 ਜੂਨ (ਇਕਬਾਲ ਸਿੰਘ ਸ਼ਾਂਤ)- ਪਾਕਿਸਤਾਨ ਸਥਿਤ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਲਈ ਅੰਤਿਮ ਮਨਜ਼ੂਰੀ ਨਾ ਮਿਲਣ ’ਤੇ ਅਟਾਰੀ-ਵਾਹਗਾ ਸਰਹੱਦ ਤੋਂ ਵਾਪਸ ਭੇਜੇ ਗਏ ਡੱਬਵਾਲੀ ਖੇਤਰ ਦੇ 37 ਸ਼ਰਧਾਲੂਆਂ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਹ ਸ਼ਰਧਾਲੂ ਹਰਿਆਣਾ ਦੇ ਕੁੱਲ 94 ਸ਼ਰਧਾਲੂਆਂ ਦੇ ਜਥੇ ਦਾ ਹਿੱਸਾ ਸਨ। ਘਟਨਾ ਤੋਂ ਬਾਅਦ ਸਥਾਨਕ ਸੰਗਤ ਵਿਚ ਡੂੰਘਾ ਰੋਸ ਹੈ ਅਤੇ ਕੱਲ੍ਹ 13 ਜੂਨ ਨੂੰ ਸਵੇਰੇ 11 ਵਜੇ ਸਬਜ਼ੀ ਮੰਡੀ ਸਥਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਸ਼ਰਧਾਲੂਆਂ ਵਿਚ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਡੂੰਘੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਅਤੇ ਦਿੱਲੀ ਦੀਆਂ ਸੰਗਤਾਂ ਨੂੰ ਮਨਜ਼ੂਰੀ ਮਿਲ ਗਈ, ਪਰ ਹਰਿਆਣਾ ਦੇ ਸ਼ਰਧਾਲੂਆਂ ਨੂੰ ਰੋਕਿਆ ਗਿਆ, ਜੋ ਕਿ ਵੱਧ ਮਾਯੂਸੀ ਅਤੇ ਨਾਰਾਜ਼ਗੀ ਦਾ ਵਿਸ਼ਾ ਹੈ। ਸਰਹੱਦ ’ਤੇ ਅੰਤਿਮ ਮਨਜ਼ੂਰੀ ਦੇ ਨਾਂਅ ’ਤੇ ਲੰਮਾ ਸਮਾਂ ਪ੍ਰੇਸ਼ਾਨ ਕੀਤੇ ਜਾਣ ਦੇ ਵੀ ਦੋਸ਼ ਹਨ।
ਜਾਣਕਾਰੀ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੱਬਵਾਲੀ ਦੇ 37 ਅਤੇ ਸਿਰਸਾ ਦੇ 7 ਸ਼ਰਧਾਲੂਆਂ ਸਮੇਤ ਕੁੱਲ 44 ਜਣਿਆਂ ਨੂੰ ਇਕ ਛੋਟੀ ਸਕੂਲ ਬੱਸ ਰਾਹੀਂ ਅੰਮ੍ਰਿਤਸਰ ਤੱਕ ਭੇਜਿਆ ਗਿਆ, ਜਿੱਥੇ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਕਾਫ਼ੀ ਮੁਸ਼ਕਿਲਾਂ ਦੀ ਸਾਹਮਣਾ ਕਰਨਾ ਪਿਆ।
ਸਰਹੱਦ ਤੋਂ ਵਾਪਸ ਪਰਤੇ ਗਿਆਨੀ ਗਿਆਨ ਸਿੰਘ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਪ੍ਰਣਾਲੀ ’ਤੇ ਸੁਆਲ ਚੁੱਕਦੇ ਕਿਹਾ ਕਿ ਡੱਬਵਾਲੀ ਵਿਚ 8 ਜੂਨ ਦੀ ਦੇਰ ਸ਼ਾਮ ਰਵਾਨਗੀ ਦੀ ਸੂਚਨਾ ਮਿਲੀ ਅਤੇ 9 ਜੂਨ ਨੂੰ ਜਥਾ ਰਵਾਨਾ ਹੋਇਆ, ਪਰ 10 ਜੂਨ ਨੂੰ ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨ ਵਿੱਚ ਦਾਖ਼ਲੇ ਦੀ ਮਨਜ਼ੂਰੀ ਨਹੀਂ ਮਿਲ ਸਕੀ। ਦਿਨ ਭਰ ਤਿੱਖੜ ਗਰਮੀ ਵਿਚ ਉਡੀਕ ਮਗਰੋਂ ਸ਼ਾਮ ਨੂੰ ਸ਼ਰਧਾਲੂਆਂ ਨੂੰ ਵਾਪਸ ਮੁੜਨ ਲਈ ਆਖ ਦਿੱਤਾ ਗਿਆ। ਉਨ੍ਹਾਂ ਅਨੁਸਾਰ ਛੋਟੀ ਸਕੂਲ ਬੱਸ ਵੀ ਸ਼ਰਧਾਲੂਆਂ ਲਈ ਵੱਡੀ ਮੁਸੀਬਤ ਬਣੀ ਰਹੀ। ਜ਼ਿਕਰਯੋਗ ਹੈ ਕਿ ਹਰਿਆਣਾ ਕਮੇਟੀ ਦੇ ਮੈਂਬਰ ਅਤੇ ਟਰਾਂਸਪੋਰਟਰ ਜਗਤਾਰ ਸਿੰਘ ਮਾਨ ਨੇ ਇਹ ਬੱਸ ਡੱਬਵਾਲੀ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਸੀ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਦੀਆਂ ਬੱਸਾਂ ਸਰਹੱਦ ’ਤੇ ਰਾਤ 8:30 ਵਜੇ ਤੱਕ ਉਨ੍ਹਾਂ ਦੀ ਉਡੀਕ ’ਚ ਖੜ੍ਹੀਆਂ ਰਹੀਆਂ, ਪਰ ਭਾਰਤ ਵੱਲੋਂ ਮਨਜ਼ੂਰੀ ਸੰਬੰਧੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਯਾਤਰਾ ਅਧੂਰੀ ਰਹਿ ਗਈ। ਮੀਟਿੰਗ ਵਿਚ ਪੂਰੇ ਮਾਮਲੇ ’ਤੇ ਜ਼ਿੰਮੇਵਾਰੀ ਤੈਅ ਕਰਨ ਅਤੇ ਅਗਲੀ ਰਣਨੀਤੀ ’ਤੇ ਫੈਸਲਾ ਲਿਆ ਜਾਵੇਗਾ।
;
;
;
;
;
;
;
;