JALANDHAR WEATHER

ਜ਼ੀਰਕਪੁਰ ’ਚ ਨਿਯਮਾਂ ਦੀਆਂ ਧੱਜੀਆਂ, ਦੁਕਾਨਾਂ ਦੇ ਬਾਹਰ ਬੈਠ ਕੇ ਪਿਲਾਈ ਜਾ ਰਹੀ ਸ਼ਰਾਬ

ਜ਼ੀਰਕਪੁਰ, 12 ਜੂਨ (ਅਲੀ)-ਜ਼ੀਰਕਪੁਰ ਦੇ ਕਈ ਇਲਾਕਿਆਂ ਵਿੱਚ ਦੁਕਾਨਾਂ ਦੇ ਬਾਹਰ ਬੈਠ ਕੇ ਸ਼ਰਾਬ ਪੀਣ ਅਤੇ ਪਿਲਾਉਣ ਦਾ ਮਾਮਲਾ ਲੋਕਾਂ ਲਈ ਵੱਡੀ ਪਰੇਸ਼ਾਨੀ ਬਣਦਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸ਼ਾਮ ਹੁੰਦੇ ਹੀ ਕੁਝ ਦੁਕਾਨਾਂ ਦੇ ਬਾਹਰ ਸ਼ਰਾਬ ਦੀਆਂ ਮਹਿਫ਼ਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਬਾਹਰ ਖੁੱਲ੍ਹੇਆਮ ਸ਼ਰਾਬ ਪੀਣ ਵਾਲੇ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਗਾਲੀ-ਗਲੋਚ ਕਰਦੇ ਹਨ ਅਤੇ ਰਾਹਗੀਰਾਂ ਨਾਲ ਬਦਸਲੂਕੀ ਵੀ ਕਰਦੇ ਹਨ। ਇਸ ਕਾਰਨ ਪਰਿਵਾਰਾਂ, ਔਰਤਾਂ ਅਤੇ ਬੱਚਿਆਂ ਨੂੰ ਸ਼ਾਮ ਸਮੇਂ ਘਰਾਂ ਤੋਂ ਬਾਹਰ ਨਿਕਲਣ ਵਿੱਚ ਡਰ ਮਹਿਸੂਸ ਹੁੰਦਾ ਹੈ। ਸਥਾਨਕ ਵਸਨੀਕਾਂ ਨੇ ਦੋਸ਼ ਲਗਾਇਆ ਕਿ ਨਸ਼ੇ ਵਿੱਚ ਰਹਿਣ ਵਾਲੇ ਕੁਝ ਪ੍ਰਵਾਸੀ ਅਤੇ ਹੋਰ ਸ਼ਰਾਰਤੀ ਅਨਸਰ ਇਲਾਕੇ ਵਿੱਚ ਚੋਰੀ-ਚਕਾਰੀ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਦੇ ਅਨੁਸਾਰ ਕਈ ਵਾਰ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੁੰਦੀ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਥਾਵਾਂ ’ਤੇ ਪੁਲਿਸ ਦੀ ਕਥਿਤ ਸੈਟਿੰਗ ਕਾਰਨ ਇਹ ਗੈਰ-ਕਾਨੂੰਨੀ ਗਤੀਵਿਧੀਆਂ ਬੇਖੌਫ਼ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ੀਰਕਪੁਰ ਵਿੱਚ ਦੁਕਾਨਾਂ ਦੇ ਬਾਹਰ ਖੁੱਲ੍ਹੇਆਮ ਸ਼ਰਾਬ ਪੀਣ ਅਤੇ ਪਿਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਨਾਲ ਹੀ ਰਾਤ ਸਮੇਂ ਵਿਸ਼ੇਸ਼ ਗਸ਼ਤ ਵਧਾਈ ਜਾਵੇ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ