ਪੰਜਾਬ ਦਰਦੀ ਇਕ ਮੰਚ ’ਤੇ ਇਕੱਠੇ ਹੋਣ: ਗਿਆਨੀ ਕੇਵਲ ਸਿੰਘ
ਜਗਰਾਉਂ/ ਲੁਧਿਆਣਾ, 12 ਜੂਨ ( ਕੁਲਦੀਪ ਸਿੰਘ ਲੋਹਟ)- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਅੱਜ ਅਜੀਤ ਸਬ ਆਫਿਸ ਜਗਰਾਉਂ ਪੁੱਜੇ, ਜਿੱਥੇ ਉਨ੍ਹਾਂ ਪੰਜਾਬ ਦੇ ਵਾਤਾਵਰਣ, ਧਰਤੀ ਅਤੇ ਪਾਣੀਆਂ ਦੀ ਦਿਨੋਂ-ਦਿਨ ਵਿਗੜ ਰਹੀ ਹਾਲਤ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸਮੂਹ ਪੰਜਾਬ ਦਰਦੀਆਂ ਨੂੰ 20 ਜੂਨ ਨੂੰ ਮੋਗਾ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸੈਮੀਨਾਰ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ, ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਅੱਜ ਆਪਣੇ ਹੀ ਪਾਣੀਆਂ ਲਈ ਤਰਸਣ ਦੀ ਸਥਿਤੀ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਰਕਾਰਾਂ ਦੀ ਨਾਕਾਮੀ ਦਾ ਨਤੀਜਾ ਨਹੀਂ, ਸਗੋਂ ਸਾਡੀ ਆਪਣੀ ਲਾਪਰਵਾਹੀ ਅਤੇ ਕੁਦਰਤ ਪ੍ਰਤੀ ਅਵੇਸਲਾਪਣ ਵੀ ਇਸ ਦਾ ਵੱਡਾ ਕਾਰਨ ਹੈ। ਬੇਤਹਾਸਾ ਭੂ-ਜਲ ਦੇ ਸ਼ੋਸ਼ਣ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੇ ਪੰਜਾਬ ਦੀ ਉਪਜਾਊ ਧਰਤੀ ਨੂੰ ਬਿਮਾਰ ਕਰ ਦਿੱਤਾ ਹੈ, ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਲੋਕਾਂ ਦੀ ਸਿਹਤ ਉੱਤੇ ਗੰਭੀਰ ਅਸਰ ਪਾਇਆ ਹੈ।
ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਅੱਜ ਜੇ ਅਸੀਂ ਨਹੀਂ ਜਾਗੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਪੰਜਾਬ ਦੀ ਮਿੱਟੀ, ਜੋ ਸਾਡੀ ਪਛਾਣ ਅਤੇ ਸਾਡੀ ਵਿਰਾਸਤ ਹੈ, ਉਸ ਨੂੰ ਬਚਾਉਣ ਲਈ ਹੁਣ ਸਿਰਫ਼ ਵਿਚਾਰਾਂ ਦੀ ਨਹੀਂ, ਸਗੋਂ ਸਾਂਝੇ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸਲਾਂ ਅਤੇ ਫਸਲਾਂ ਦੀ ਨਿਰੋਗਤਾ ਲਈ ਸਮਾਜ ਦੇ ਕਿਸਾਨ, ਬੁੱਧੀਜੀਵੀ, ਨੌਜ਼ਵਾਨ, ਸਮਾਜਿਕ ਸੰਸਥਾਵਾਂ ਅਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਇਕੱਠੇ ਹੋ ਕੇ ਗੰਭੀਰ ਵਿਚਾਰ ਕਰਨਾ ਪਵੇਗਾ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ 20 ਜੂਨ ਨੂੰ ਮੋਗਾ ਵਿਖੇ ਹੋਣ ਵਾਲਾ ਇਹ ਸੈਮੀਨਾਰ ਸਿਰਫ਼ ਇਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇਕ ਸਾਂਝੀ ਚੇਤਨਾ ਜਗਾਉਣ ਦੀ ਕੋਸ਼ਿਸ਼ ਹੈ।
ਉਨ੍ਹਾਂ ਪੰਜਾਬ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਸੈਮੀਨਾਰ ਵਿਚ ਪਹੁੰਚਣ ਤਾਂ ਜੋ ਪੰਜਾਬ ਦੇ ਪਾਣੀਆਂ, ਵਾਤਾਵਰਣ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਇਕ ਮਜ਼ਬੂਤ ਲੋਕ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਅੱਜ ਵੀ ਅਸੀਂ ਆਪਣੀ ਧਰਤੀ, ਆਪਣੇ ਪਾਣੀਆਂ ਅਤੇ ਆਪਣੀ ਹਵਾ ਦੀ ਰੱਖਿਆ ਲਈ ਇੱਕਜੁੱਟ ਨਾ ਹੋਏ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਹੋਰ ਵੀ ਭਿਆਨਕ ਚੁਣੌਤੀਆਂ ਲੈ ਕੇ ਆ ਸਕਦਾ ਹੈ। ਪੰਜਾਬ ਨੂੰ ਬਚਾਉਣ ਦੀ ਲੜਾਈ ਹੁਣ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਬਣ ਚੁੱਕੀ ਹੈ।
;
;
;
;
;
;
;
;