ਢਕੋਲੀ ਰੇਲਵੇ ਫਾਟਕ ਦੀਆਂ ਟੁੱਟੀਆਂ ਇੰਟਰਲਾਕਿੰਗ ਟਾਈਲਾਂ ਬਣੀਆਂ ਮੁਸੀਬਤ, ਲੋਕਾਂ ਨੇ ਸਥਾਈ ਹੱਲ ਦੀ ਕੀਤੀ ਮੰਗ
ਜ਼ੀਰਕਪੁਰ, 11 ਜੂਨ (ਅਲੀ)- ਢਕੋਲੀ ਰੇਲਵੇ ਫਾਟਕ 'ਤੇ ਰੇਲਵੇ ਵਿਭਾਗ ਵਲੋਂ ਸਮੇਂ-ਸਮੇਂ 'ਤੇ ਮੁਰੰਮਤ ਕੰਮ ਕਰਵਾਏ ਜਾਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਰੇਲਵੇ ਲਾਈਨ ਵਾਲੇ ਹਿੱਸੇ ਵਿਚ ਲੱਗੀਆਂ ਇੰਟਰਲਾਕਿੰਗ ਟਾਈਲਾਂ ਕਾਫ਼ੀ ਸਮੇਂ ਤੋਂ ਖਸਤਾਹਾਲ ਪਈਆਂ ਹਨ, ਜਿਸ ਕਾਰਨ ਹਰ ਰੋਜ਼ ਹਜ਼ਾਰਾਂ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਰੇਲਵੇ ਫਾਟਕ ਨੂੰ ਮੁਰੰਮਤ ਦੇ ਨਾਂ 'ਤੇ ਕਈ ਵਾਰ ਬੰਦ ਕੀਤਾ ਜਾਂਦਾ ਹੈ, ਪਰ ਕੁਝ ਹੀ ਸਮੇਂ ਬਾਅਦ ਹਾਲਾਤ ਫਿਰ ਪਹਿਲਾਂ ਵਾਂਗ ਖ਼ਰਾਬ ਹੋ ਜਾਂਦੇ ਹਨ। ਰੇਲਵੇ ਟਰੈਕ ਦੇ ਵਿਚਕਾਰ ਲੱਗੀਆਂ ਇੰਟਰਲਾਕਿੰਗ ਟਾਈਲਾਂ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ ਅਤੇ ਕਈ ਥਾਵਾਂ 'ਤੇ ਡੂੰਘੇ ਖੱਡੇ ਬਣ ਗਏ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਨਾਲ ਲੰਘਣਾ ਪੈਂਦਾ ਹੈ।
ਲੋਕਾਂ ਮੁਤਾਬਕ ਖਰਾਬ ਸੜਕ ਕਾਰਨ ਪਹਿਲਾਂ ਵੀ ਕਈ ਵਾਹਨਾਂ ਨੂੰ ਨੁਕਸਾਨ ਪਹੁੰਚ ਚੁੱਕਾ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਰਸਤਾ ਖਤਰੇ ਤੋਂ ਖਾਲੀ ਨਹੀਂ। ਉਖੜੀਆਂ ਟਾਈਲਾਂ ਅਤੇ ਖੱਡਿਆਂ ਕਾਰਨ ਵਾਹਨਾਂ ਦਾ ਸੰਤੁਲਨ ਵਿਗੜਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ।
ਆਸ-ਪਾਸ ਦੀਆਂ ਕਈ ਕਾਲੋਨੀਆਂ ਅਤੇ ਰਿਹਾਇਸ਼ੀ ਸੋਸਾਇਟੀਆਂ ਦੇ ਹਜ਼ਾਰਾਂ ਲੋਕ ਰੋਜ਼ਾਨਾ ਇਸੇ ਰਸਤੇ ਰਾਹੀਂ ਆਵਾਜਾਈ ਕਰਦੇ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਲੋਕਾਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਿਰਫ਼ ਰਸਮੀ ਮੁਰੰਮਤ ਦੀ ਥਾਂ ਰੇਲਵੇ ਲਾਈਨ ਵਾਲੇ ਹਿੱਸੇ ਵਿੱਚ ਨਵੀਆਂ ਅਤੇ ਮਜ਼ਬੂਤ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣ ਅਤੇ ਪੂਰੇ ਮਾਰਗ ਦੀ ਸਥਾਈ ਤੌਰ 'ਤੇ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਰੇਲਵੇ ਅਧਿਕਾਰੀਆਂ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਸੁਚੱਜੀ ਆਵਾਜਾਈ ਦੀ ਸਹੂਲਤ ਮਿਲ ਸਕੇ।
;
;
;
;
;
;
;
;