JALANDHAR WEATHER

ਫ਼ਿਲਮ ਸਿਟੀ ਨੇੜੇ ਗੋਦਾਮ ਵਿਚ ਹੋਈ ਚੋਰੀ, ਨਕਦੀ ਸਮੇਤ ਲੱਖਾਂ ਦਾ ਸਾਮਾਨ ਲੈ ਉੱਡੇ ਚੋਰ

ਜ਼ੀਰਕਪੁਰ, 11 ਜੂਨ (ਅਲੀ)- ਜ਼ੀਰਕਪੁਰ ਦੇ ਹਾਈਗ੍ਰਾਊਂਡ ਰੋਡ ਸਥਿਤ ਫ਼ਿਲਮ ਸਿਟੀ ਨੇੜੇ ਇਕ ਗੋਦਾਮ ਵਿਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਚੋਰ ਰਾਤ ਦੇ ਸਮੇਂ ਗੋਦਾਮ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਨਕਦੀ ਸਮੇਤ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਪਾਰੀਆਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵੱਧ ਗਈ ਹੈ।

ਗੋਦਾਮ ਮਾਲਕ ਰਾਜੇਸ਼ ਵਾਲੀਆ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਕਰੀਬ ਇਕ ਵਜੇ ਤੋਂ ਬਾਅਦ ਗੋਦਾਮ ਵਿਚ ਕੋਈ ਮੌਜੂਦ ਨਹੀਂ ਸੀ। ਇਸ ਦੌਰਾਨ ਚੋਰਾਂ ਨੇ ਮੁੱਖ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਗੋਦਾਮ ਵਿਚੋਂ ਦੋ ਜਨਰੇਟਰਾਂ ਦੀਆਂ ਬੈਟਰੀਆਂ ਅਤੇ ਇਕ ਮਹਿੰਦਰਾ ਪਿਕਅੱਪ ਵਾਹਨ ਦੀ ਬੈਟਰੀ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ ਕਰੀਬ 36 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋਸ਼ੀ ਗੋਦਾਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ, ਜਿਸ ਕਾਰਨ ਪੁਲਿਸ ਜਾਂਚ ਵਿਚ ਮੁਸ਼ਕਲਾਂ ਆ ਸਕਦੀਆਂ ਹਨ।

ਪੀੜਤ ਦੇ ਅਨੁਸਾਰ ਚੋਰ ਇਕ ਕਰਮਚਾਰੀ ਦੀ ਚਾਂਦੀ ਦੀ ਚੇਨ, ਚਾਂਦੀ ਦਾ ਕੜਾ, 32 ਇੰਚ ਦੀ ਐਲ.ਸੀ.ਡੀ. ਅਤੇ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ। ਇਨ੍ਹਾਂ ਤੋਂ ਇਲਾਵਾ ਚੋਰ ਮਹਿੰਦਰਾ ਪਿਕਅੱਪ ਦੀ ਚਾਬੀ ਵੀ ਆਪਣੇ ਨਾਲ ਲੈ ਗਏ। ਗੋਦਾਮ ਮਾਲਕ ਨੇ ਸ਼ੱਕ ਜਤਾਇਆ ਹੈ ਕਿ ਚੋਰ ਭਵਿੱਖ ਵਿਚ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹਨ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜਾਂ ਖੰਗਾਲੀਆਂ ਜਾ ਰਹੀਆਂ ਹਨ। ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਵਪਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਵਪਾਰਕ ਖੇਤਰਾਂ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ