JALANDHAR WEATHER

ਜ਼ੀਰਕਪੁਰ 'ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਚੰਡੀਗੜ੍ਹ ਲਈ ਮਨਜ਼ੂਰ 20 ਪੇਟੀਆਂ ਸ਼ਰਾਬ ਸਮੇਤ ਵਿਅਕਤੀ ਕਾਬੂ

ਜ਼ੀਰਕਪੁਰ, 10 ਜੂਨ (ਅਲੀ)- ਪੰਜਾਬ ਆਬਕਾਰੀ ਵਿਭਾਗ ਨੇ ਜ਼ੀਰਕਪੁਰ-ਡੇਰਾਬੱਸੀ ਰੋਡ ’ਤੇ ਨਾਕਾਬੰਦੀ ਦੌਰਾਨ ਇਕ ਕਾਰ ਵਿਚੋਂ 20 ਪੇਟੀਆਂ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਖੁਸ਼ਦਿਲ ਸਿੰਘ ਸੰਧੂ, ਸਹਾਇਕ ਆਬਕਾਰੀ ਕਮਿਸ਼ਨਰ ਰੋਪੜ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਬਕਾਰੀ ਅਧਿਕਾਰੀ ਮੋਹਾਲੀ ਦੀਵਾਨ ਚੰਦ ਦੀ ਨਿਗਰਾਨੀ ਹੇਠ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ (ਜ਼ੀਰਕਪੁਰ) ਅਤੇ ਆਬਕਾਰੀ ਇੰਸਪੈਕਟਰ ਸਤਿੰਦਰ ਮਲ੍ਹੀ (ਕੁਰਾਲੀ) ਨੇ ਆਬਕਾਰੀ ਪੁਲਿਸ ਅਤੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਹੋਟਲ ਕਲਿਓ ਨੇੜੇ ਜ਼ੀਰਕਪੁਰ-ਡੇਰਾਬੱਸੀ ਰੋਡ 'ਤੇ ਨਾਕਾ ਲਗਾਇਆ। ਨਾਕਾਬੰਦੀ ਦੌਰਾਨ ਹਰਿਆਣਾ ਨੰਬਰ ਦੀ ਇਕ ਚਿੱਟੇ ਰੰਗ ਦੀ ਮਹਿੰਦਰਾ ਜ਼ਾਇਲੋ ਕਾਰ (HR71E6677) ਨੂੰ ਰੋਕ ਕੇ ਤਲਾਸ਼ੀ ਲਈ ਗਈ।

ਤਲਾਸ਼ੀ ਦੌਰਾਨ ਕਾਰ ਵਿਚੋਂ 9 ਪੇਟੀਆਂ 999 ਵਿਸਕੀ, 4 ਪੇਟੀਆਂ ਜਮੀਲਾ ਸੰਤਰਾ (ਬੋਤਲਾਂ), 4 ਪੇਟੀਆਂ ਜਮੀਲਾ ਸੰਤਰਾ (ਹਾਫ) ਅਤੇ 3 ਪੇਟੀਆਂ ਜਮੀਲਾ ਸੰਤਰਾ (ਨਿੱਪ) ਬਰਾਮਦ ਹੋਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸਾਰੀ ਸ਼ਰਾਬ ਸਿਰਫ਼ ਚੰਡੀਗੜ੍ਹ ਵਿਚ ਵਿਕਰੀ ਲਈ ਮਨਜ਼ੂਰ ਸੀ। ਬਰਾਮਦ ਸ਼ਰਾਬ 'ਤੇ ਨਾ ਤਾਂ ਹੋਲੋਗ੍ਰਾਮ ਲੱਗੇ ਹੋਏ ਸਨ ਅਤੇ ਨਾ ਹੀ ਟ੍ਰੈਕ ਐਂਡ ਟ੍ਰੇਸ ਸਿਸਟਮ ਦੀ ਕੋਈ ਨਿਸ਼ਾਨਦੇਹੀ ਮਿਲੀ।

ਦੋਸ਼ੀ ਦੀ ਪਛਾਣ ਕ੍ਰਿਸ਼ਨ ਪਾਲ ਪੁੱਤਰ ਗਰੀਬ ਸਿੰਘ ਵਾਸੀ ਧਰਮਸ਼ਾਲਾ ਨੇੜੇ, ਸਰਕਪੁਰ, ਹਰਿਪੁਰ, ਪੰਚਕੂਲਾ (ਹਰਿਆਣਾ) ਵਜੋਂ ਹੋਈ ਹੈ। ਆਬਕਾਰੀ ਵਿਭਾਗ ਦੀ ਸ਼ਿਕਾਇਤ 'ਤੇ ਥਾਣਾ ਜ਼ੀਰਕਪੁਰ ਵਿਖੇ ਦੋਸ਼ੀ ਖ਼ਿਲਾਫ਼ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 61(1)(14) ਅਤੇ 78(2) ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਅਤੇ ਕਰ ਚੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ