ਪ੍ਰਸ਼ਾਸਨ ’ਤੇ ਮਿਲੀਭੁਗਤ ਦੇ ਦੋਸ਼ ਲਗਾ ‘ਆਪ’ ਉਮੀਦਵਾਰ ਨੇ ਕੀਤਾ ਵਾਕ ਆਊਟ
ਮਹਿਰਾਜ 26 ਮਈ (ਸੁਖਪਾਲ ਮਹਿਰਾਜ)- ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 1 ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਮੌਜੂਦਾ ਸਰਕਾਰ ਸਮਰਥਕ ਉਮੀਦਵਾਰ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਯੋਧਾ ਮਹਿਰਾਜ ਆਗੂ ਆਮ ਆਦਮੀ ਪਾਰਟੀ ਨੇ ਪ੍ਰੋਜਾਈਡਿੰਗ ਅਫਸਰ ’ਤੇ ਇੱਕ ਵਿਅਕਤੀ ਦੀ ਵੋਟ ਆਪਣੀ ਮਰਜ਼ੀ ਨਾਲ ਪਾਉਣ ਦੇ ਦੋਸ਼ ਲਗਾਏ। ਦੋਸ਼ਾਂ ਤੋਂ ਬਾਅਦ ਪੋਲਿੰਗ ਸਟੇਸ਼ਨ ’ਤੇ ਹੰਗਾਮੇ ਵਾਲੀ ਸਥਿਤੀ ਬਣ ਗਈ ਅਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ। ਮਾਹੌਲ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਕਰੀਬ ਇੱਕ ਘੰਟੇ ਲਈ ਵੋਟਿੰਗ ਰੋਕ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰੋਜਾਈਡਿੰਗ ਅਫਸਰ ਨੂੰ ਵੀ ਬਦਲਿਆ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੋਲਿੰਗ ਸਟੇਸ਼ਨ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਨੇ ਆਪਣੇ ਸਮਰਥਕਾਂ ਸਮੇਤ ਪ੍ਰਸ਼ਾਸਨ ’ਤੇ ਮਿਲੀਭੁਗਤ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਪੋਲਿੰਗ ਸਟੇਸ਼ਨ ਤੋਂ ਵਾਕ ਆਊਟ ਕਰ ਦਿੱਤਾ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਲਈ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਹਾਲਾਤ ਕਾਬੂ ਵਿੱਚ ਆਉਣ ਉਪਰੰਤ ਵੋਟਿੰਗ ਪ੍ਰਕਿਰਿਆ ਮੁੜ ਸ਼ੁਰੂ ਕਰਵਾਈ ਗਈ। ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਵਿੱਚ ਸ਼ਾਮ ਤੱਕ ਕਰੀਬ 70 ਫੀਸਦੀ ਵੋਟਿੰਗ ਦਰਜ ਕੀਤੀ ਗਈ।
;
;
;
;
;
;
;
;