ਸੰਯੁਕਤ ਰਾਸ਼ਟਰ 'ਚ ਭਾਰਤ ਨੇ ਹੋਰਮੁਜ਼ 'ਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ 'ਤੇ ਚਿੰਤਾ ਪ੍ਰਗਟਾਈ
ਸੰਯੁਕਤ ਰਾਸ਼ਟਰ, 17 ਮਈ (ਏਜੰਸੀ)-ਹੋਰਮੁਜ਼ ਜਲਡਮਰੂ 'ਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ, ਆਮ ਨਾਗਰਿਕਾਂ ਵਾਲੇ ਅਮਲੇ ਨੂੰ ਖ਼ਤਰੇ 'ਚ ਪਾਉਣ ਅਤੇ ਆਵਾਜਾਈ ਦੀ ਆਜ਼ਾਦੀ 'ਚ ਰੁਕਾਵਟ ਪਾਉਣਾ ਸਵੀਕਾਰਯੋਗ ਨਹੀਂ ਹੈ, ਇਹ ਗੱਲ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਥਨੇਨੀ ਹਰੀਸ਼ ਨੇ ਕਹੀ | ਊਰਜਾ ਅਤੇ ਸਪਲਾਈ ਦੇ ਪ੍ਰਵਾਹ ਨੂੰ ਸੁਰੱਖਿਅਤ ਰੱਖਣ 'ਤੇ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੀ ਇਕ ਖਾਸ ਬੈਠਕ 'ਚ ਹਰੀਸ਼ ਦੀਆਂ ਇਹ ਟਿੱਪਣੀਆਂ, ਓਮਾਨ ਦੇ ਤਟ ਕੋਲ ਭਾਰਤ ਦੇ ਝੰਡੇ ਵਾਲੇ ਇਕ ਵਪਾਰਕ ਜਹਾਜ਼ 'ਤੇ ਹੋਏ ਹਮਲੇ ਦੇ ਕੁਝ ਦਿਨਾਂ ਬਾਅਦ ਆਈਆਂ | ਓਮਾਨ ਦੇ ਅਧਿਕਾਰੀਆਂ ਨੇ ਸੋਮਾਲੀਆ ਤੋਂ ਆ ਰਹੇ ਉਸ ਜਹਾਜ਼ ਦੇ ਸਾਰੇ 14 ਅਮਲੇ ਦੇ ਮੈਂਬਰਾਂ ਨੂੰ ਬਚਾਅ ਲਿਆ, ਪਰ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਇਹ ਹਮਲਾ ਕਿਸ ਨੇ ਕੀਤਾ ਸੀ | ਐਤਵਾਰ ਨੂੰ ਐਕਸ 'ਤੇ ਇਕ ਪੋਸਟ 'ਚ ਹਰੀਸ਼ ਨੇ ਕਿਹਾ ਕਿ ਯੂ. ਐਨ. ਈ. ਸੀ. ਓ.ਐਸ. ਓ. ਸੀ. ਦੀ ਬੈਠਕ 'ਚ, ਉਨ੍ਹਾਂ ਨੇ ਪੱਛਮੀ ਏਸ਼ੀਆ ਟਕਰਾਅ ਕਾਰਨ ਪੈਦਾ ਹੋਏ ਹਾਲੀਆ ਊਰਜਾ ਅਤੇ ਖਾਦ ਸੰਕਟ 'ਤੇ ਭਾਰਤ ਦੇ ਦਿ੍ਸ਼ਟੀਕੋਣ ਨੂੰ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਨਾਲ-ਨਾਲ ਘੱਟ ਸਮੇਂ ਦੇ ਅਤੇ ਢਾਂਚਾਗਤ ਉਪਾਵਾਂ ਦਾ ਮੇਲ ਜ਼ਰੂਰੀ ਹੈ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਦੁਹਰਾਇਆ ਕਿ ਹੋਰਮੁਜ਼ ਜਲਡਮਰੂ 'ਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ, ਆਮ ਨਾਗਰਿਕਾਂ ਵਾਲੇ ਅਮਲੇ ਨੂੰ ਖ਼ਤਰੇ 'ਚ ਪਾਉਣਾ ਅਤੇ ਨੇਵੀਗੇਸ਼ਨ ਦੀ ਆਜ਼ਾਦੀ 'ਚ ਰੁਕਾਵਟ ਪਾਉਣਾ ਸਵੀਕਾਰਯੋਗ ਨਹੀਂ ਹੈ | ਇਸ ਸੰਬੰਧੀ ਅੰਤਰਰਾਸ਼ਟਰੀ ਕਾਨੂੰਨ ਦਾ ਪੂਰੀ ਤਰਾਂ ਨਾਲ ਸਨਮਾਨ ਕੀਤਾ ਜਾਣਾ ਚਾਹੀਦਾ ਹੈ | 13 ਮਈ ਨੂੰ ਭਾਰਤ ਦੇ ਝੰਡੇ ਵਾਲੇ ਜਹਾਜ਼ 'ਤੇ ਹੋਇਆ ਹਮਲਾ, ਹੋਰਮੁਜ਼ ਜਲਡਮਰੂ 'ਚ ਬਣੀ ਨਾਜ਼ੁਕ ਸਥਿਤੀ ਦਰਮਿਆਨ ਹੋਇਆ |
;
;
;
;
;
;
;