JALANDHAR WEATHER

ਅਮਰੀਕਾ ਨੇ ਈਰਾਨ ਨੂੰ ਦਿੱਤੇ ਨਵੇਂ ਪ੍ਰਸਤਾਵ-ਯੂਰੇਨੀਅਮ ਅਮਰੀਕੀ ਹਿਰਾਸਤ 'ਚ ਸੌਂਪਣ ਤੇ ਪ੍ਰਮਾਣੂ ਪਾਬੰਦੀਆਂ ਦੀ ਕੀਤੀ ਮੰਗ

ਤਹਿਰਾਨ, 17 ਮਈ (ਏਜੰਸੀ)-ਈਰਾਨੀ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਈਰਾਨ ਸਾਹਮਣੇ ਪੰਜ ਸੂਤਰੀ ਨਵਾਂ ਪ੍ਰਸਤਾਵ ਰੱਖਿਆ ਹੈ | ਇਸ ਪ੍ਰਸਤਾਵ ਦਾ ਮਕਸਦ ਦੋਵੇਂ ਧਿਰਾਂ ਦਰਮਿਆਨ ਦੁਸ਼ਮਣੀ ਨੂੰ ਖਤਮ ਕਰਨਾ ਅਤੇ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨਾ ਹੈ | ਇਹ ਕਦਮ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਜਾਰੀ ਤਣਾਅ ਦਰਮਿਆਨ ਚੁੱਕਿਆ ਗਿਆ ਹੈ | ਆਈ. ਆਰ. ਜੀ. ਸੀ. ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਅਨੁਸਾਰ ਵਾਸ਼ਿੰਗਟਨ ਦੀਆਂ ਸ਼ਰਤਾਂ 'ਚ ਇਹ ਗੱਲਾਂ ਸ਼ਾਮਿਲ ਹਨ ਕਿ ਈਰਾਨ ਅਮਰੀਕਾ ਨਾਲ ਯੁੱਧ ਦੀ ਨੁਕਸਾਨਪੂਰਤੀ ਅਤੇ ਮੁਆਵਜ਼ੇ ਦੀਆਂ ਆਪਣੀਆਂ ਮੰਗਾਂ ਛੱਡ ਦੇਵੇ, 400 ਕਿੱਲੋ ਭਰਪੂਰ ਯੂਰੇਨੀਅਮ ਅਮਰੀਕੀ ਹਿਰਾਸਤ 'ਚ ਸੌਂਪ ਦੇਵੇ ਅਤੇ ਆਪਣੇ ਪ੍ਰਮਾਣੂ ਢਾਂਚੇ 'ਤੇ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਨੂੰ ਸਵੀਕਾਰ ਕਰੇ | ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਰੂਪ-ਰੇਖਾ ਤਹਿਤ ਈਰਾਨ ਦੀ ਸਿਰਫ ਇਕ ਪ੍ਰਮਾਣੂ ਸਹੂਲਤ ਨੂੰ ਹੀ ਆਪਣਾ ਕੰਮ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ | ਖ਼ਬਰਾਂ ਅਨੁਸਾਰ ਅਮਰੀਕਾ ਨੇ ਤਹਿਰਾਨ ਦੀ ਉਸ ਅਪੀਲ ਨੂੰ ਵੀ ਠੁਕਰਾ ਦਿੱਤਾ ਹੈ, ਜਿਸ ਵਿਚ ਉਸ ਨੇ ਆਪਣੀਆਂ ਜ਼ਬਤ ਕੀਤੀਆਂ ਗਈਆਂ ਵਿਦੇਸ਼ੀ ਸੰਪਤੀਆਂ 'ਚੋਂ 25 ਫ਼ੀਸਦੀ ਨੂੰ ਮੁਕਤ ਕਰਨ ਦੀ ਮੰਗ ਕੀਤੀ ਸੀ | ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਇਸ ਪ੍ਰਸਤਾਵ ਤਹਿਤ ਕਿਸੇ ਵੀ ਤਰਾਂ ਦੀ ਸੈਨਿਕ ਕਾਰਵਾਈ 'ਤੇ ਸਥਾਈ ਰੋਕ ਤਦ ਹੀ ਲੱਗੇਗੀ, ਜਦੋਂ ਗੱਲਬਾਤ ਦੇ ਨਤੀਜੇ ਸਕਾਰਾਤਮਕ ਨਿਕਲਣਗੇ ਅਤੇ ਈਰਾਨ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰ ਲਵੇਗਾ | ਇਹ ਘਟਨਾਕ੍ਰਮ ਸ਼ੁੱਕਰਵਾਰ ਨੂੰ ਤਹਿਰਾਨ ਟਾਈਮਜ਼ 'ਚ ਛਪੀਆਂ ਉਨ੍ਹਾਂ ਰਿਪੋਰਟਾਂ ਦੇ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਵਾਸ਼ਿੰਗਟਨ ਨੇ ਈਰਾਨ ਵਲੋਂ ਪਹਿਲਾਂ ਪੇਸ਼ ਕੀਤੀ ਗਈ 14 ਸੂਤਰੀ ਸ਼ਾਂਤੀ ਪਹਿਲ ਨੂੰ ਅਸਵੀਕਾਰ ਕਰ ਦਿੱਤਾ ਸੀ | ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਨੇ ਅਮਰੀਕਾ ਦੇ ਪਿਛਲੇ ਪ੍ਰਸਤਾਵਾਂ 'ਤੇ ਤਹਿਰਾਨ ਦੀ ਪ੍ਰਤੀਕਿਰਿਆ ਨੂੰ ਪੂਰੀ ਤਰਾਂ ਨਾਲ ਅਸਵੀਕਾਰਨਯੋਗ ਦੱਸਿਆ ਸੀ | ਈਰਾਨੀ ਮੀਡੀਆ ਨੇ ਇਹ ਦਾਅਵਾ ਵੀ ਕੀਤਾ ਕਿ ਭਲੇ ਹੀ ਤਹਿਰਾਨ ਅਮਰੀਕਾ ਦੀਆਂ ਸਾਰੀਆਂ ਮੰਗਾਂ ਮੰਨ ਲਵੇ, ਫਿਰ ਵੀ ਈਰਾਨ ਖ਼ਿਲਾਫ਼ ਅਮਰੀਕਾ ਅਤੇ ਇਜ਼ਰਾਈਲ ਵਲੋਂ ਦੁਬਾਰਾ ਸੈਨਿਕ ਕਾਰਵਾਈ ਕੀਤੇ ਜਾਣ ਦਾ ਖ਼ਤਰਾ ਬਣਿਆ ਰਹੇਗਾ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ