ਠੀਕਰੀਵਾਲਾ (ਬਰਨਾਲਾ) 'ਚ ਕਾਲਜ ਫੀਸ ਨਾ ਭਰ ਸਕਣ ਤੋਂ ਦੁਖੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਮਹਿਲ ਕਲਾਂ,3 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਨਾਲ ਸੰਬੰਧਿਤ ਇਕ ਮਜ਼ਦੂਰ ਪਰਿਵਾਰ ਦੀ ਹੋਣਹਾਰ 23 ਸਾਲਾ ਵਿਦਿਆਰਥਣ ਵਲੋਂ ਕਾਲਜ ਦੀ ਫੀਸ ਨਾ ਭਰ ਸਕਣ ਦੀ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀ ਕਰਨ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦੀ ਪਛਾਣ ਰਮਨਦੀਪ ਕੌਰ ਪੁੱਤਰੀ ਭੋਲਾ ਸਿੰਘ ਵਾਸੀ ਠੀਕਰੀਵਾਲਾ ਵਜੋਂ ਹੋਈ ਹੈ। ਰਮਨਦੀਪ ਕੌਰ ਬਰਨਾਲਾ ਦੇ ਯੂਨੀਵਰਸਿਟੀ ਕਾਲਜ ਵਿਖੇ ਬੀ.ਏ. ਫਾਈਨਲ ਦੀ ਵਿਦਿਆਰਥਣ ਸੀ ਅਤੇ ਕੁਝ ਹੀ ਦਿਨਾਂ ਵਿਚ ਉਸ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਸਨ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ, ਪ੍ਰੀਖਿਆ ਵਿਚ ਬੈਠਣ ਲਈ ਉਸ ਨੂੰ ਕਾਲਜ ਦੀ ਫੀਸ ਜਮ੍ਹਾਂ ਕਰਵਾਉਣੀ ਜ਼ਰੂਰੀ ਸੀ। ਰਮਨਦੀਪ ਨੇ ਆਪਣੇ ਮਾਤਾ-ਪਿਤਾ ਤੋਂ ਫੀਸ ਲਈ ਪੈਸੇ ਮੰਗੇ ਪਰ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਹ ਫੀਸ ਦਾ ਪ੍ਰਬੰਧ ਨਹੀਂ ਕਰ ਸਕੇ। ਪਰਿਵਾਰ ਮੁਤਾਬਿਕ ਕਾਲਜ ਮੁਖੀ ਵਲੋਂ ਉਸ 'ਤੇ ਫੀਸ ਭਰਨ ਦਾ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਆਪਣੇ ਮਾੜੇ ਆਰਥਿਕ ਹਾਲਾਤ ਅਤੇ ਕਾਲਜ ਦੇ ਦਬਾਅ ਤੋਂ ਦੁਖੀ ਹੋ ਕੇ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕਾ ਦੀ ਮਾਂ, ਰਾਣੀ ਕੌਰ, ਭਾਜਪਾ ਦੀ ਸਰਗਰਮ ਆਗੂ ਹੈ।
ਇਸ ਦੁਖਦਾਈ ਘਟਨਾ ਦਾ ਪਤਾ ਲੱਗਣ 'ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪਿੰਡ ਠੀਕਰੀਵਾਲ ਪਹੁੰਚ ਕੇ ਸਰਕਾਰ 'ਤੇ ਸਿੱਧੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿਚ ਸਿਹਤ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਸਰਕਾਰ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਕਰਾਰ ਦਿੰਦਿਆ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਾਜਪਾ ਆਗੂ ਢਿੱਲੋਂ ਨੇ ਕਿਹਾ ਕਿ ਇਹ ਘਟਨਾ ਸੂਬੇ ਦੀ ਸਿੱਖਿਆ ਪ੍ਰਣਾਲੀ ਅਤੇ ਗ਼ਰੀਬ ਪਰਿਵਾਰਾਂ ਦੀਆਂ ਮਜ਼ਬੂਰੀਆਂ 'ਤੇ ਇਕ ਵੱਡਾ ਸਵਾਲ ਖੜ੍ਹਾ ਕਰਦੀ ਹੈ।
;
;
;
;
;
;
;
;