ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਡਿਪਟੀ ਕਮਿਸ਼ਨਰ ਦੇ ਨਾਮ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 27 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਨਰਲ ਸਕੱਤਰ ਐਡਵੋਕੇਟ ਜਸਬੀਰ ਸਿੰਘ ਘੁੰਮਣ, ਜਥੇਬੰਦਕ ਸਕੱਤਰ ਅਜੇਪਾਲ ਸਿੰਘ ਮੀਰਾਂਕੋਟ, ਵਰਕਿੰਗ ਕਮੇਟੀ ਮੈਂਬਰ ਰਘਬੀਰ ਸਿੰਘ ਰਾਜਾਸਾਂਸੀ,ਬਲਵਿੰਦਰ ਸਿੰਘ ਜੌੜਾਸਿੰਘਾ, ਸਵਿੰਦਰ ਸਿੰਘ ਦੋਬਲੀਆਂ, ਦਲਜਿੰਦਰਬੀਰ ਸਿੰਘ ਜਾਣੀਆਂ ਅਤੇ ਕੁਲਜੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਵਫ਼ਦ ਵਲੋਂ ਅੰਮ੍ਰਿਤਸਰ ਦੇ ਡੀ.ਸੀ. ਦੇ ਨਾਮ ਮੰਗ ਪੱਤਰ ਦਿੱਤਾ ਗਿਆ ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਹਾਲ ਹੀ ਵਿਚ ਪੰਜਾਬ ਦੇ ਕਈ ਹਿੱਸਿਆਂ ਵਿਚ ਆਏ ਹੜ੍ਹਾਂ ਕਾਰਨ ਫਸਲਾਂ ਪਾਣੀ ਹੇਠ ਆ ਗਈਆਂ, ਘਰਾਂ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ, ਇਸ ਦੇ ਨਾਲ ਹੀ ਪੰਜਾਬ ਦੇ ਵੱਡੇ ਹਿੱਸੇ ਵਿਚ ਝੋਨੇ ਦੀ ਫਸਲ ਉੱਤੇ ਹਲਦੀ ਰੋਗ ਅਤੇ ਚਾਈਨਾ ਵਾਇਰਸ ਨੇ ਮਾਰ ਪਾਈ ਹੈ, ਜਿਸ ਕਾਰਨ ਔਸਤਨ ਝਾੜ 40 ਫ਼ੀਸਦ ਤੱਕ ਘੱਟ ਰਿਹਾ ਹੈ, ਜਿਸ ਕਰਕੇ ਕਿਸਾਨ ਬੁਰੀ ਤਰ੍ਹਾਂ ਪੀੜਤ ਹੋਇਆ ਹੈ । ਆਗੂਆਂ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਇਸ ਤ੍ਰਾਸਦੀ ਨੂੰ ਸੰਵੇਦਨਸ਼ੀਲਤਾ ਨਾਲ ਲਿਆ ।
ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਨਾਲ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ ਤੁਰੰਤ ਆਰਥਿਕ ਮੁਆਵਜ਼ਾ ਦਿੱਤਾ ਜਾਵੇ, ਝੋਨੇ ਦੀ ਫ਼ਸਲ ਦਾ ਔਸਤਨ 40 ਫ਼ੀਸਦ ਘੱਟ ਝਾੜ ਨਿਕਲਣ ਉਪਰ ਬੋਨਸ ਦੇਕੇ ਆਰਥਿਕ ਭਰਪਾਈ ਕੀਤੀ ਜਾਵੇ, ਹਲਦੀ ਰੋਗ ਅਤੇ ਚਾਈਨਾ ਵਾਇਰਸ ਕਾਰਨ ਖਰਾਬ ਹੋਈ ਫਸਲਾਂ ਨੂੰ ਕੁਦਰਤੀ ਆਫਤ ਮੰਨ ਕੇ ਵਿਸ਼ੇਸ਼ ਸਹਾਇਤਾ ਪੈਕੇਜ ਦਿੱਤਾ ਜਾਵੇ, ਬਦਰੰਗ ਹੋਏ ਅਤੇ ਕੁਦਰਤੀ ਤਬਾਹੀ ਕਾਰਨ ਪ੍ਰਭਾਵਿਤ ਦਾਣਿਆਂ ਦੀ ਖਰੀਦ ਮਾਪਦੰਡਾਂ ਵਿਚ ਤੁਰੰਤ ਰਿਆਇਤ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਨੁਕਸਾਨ ਨਾ ਝੱਲਣਾ ਪਵੇ, ਹੜ੍ਹ ਨਾਲ ਨੁਕਸਾਨੇ ਘਰਾਂ, ਪਸ਼ੂਆਂ ਅਤੇ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਰਾਹਤ ਫੰਡ ਜਾਰੀ ਕੀਤਾ ਜਾਵੇ।
;
;
;
;
;
;