ਦੇਸ਼ ਦੇ 53ਵੇਂ ਸੀ.ਜੇ.ਆਈ. ਬਣਨਗੇ ਜਸਟਿਸ ਸੂਰਿਆਕਾਂਤ
ਨਵੀਂ ਦਿੱਲੀ, 27 ਅਕਤੂਬਰ - ਚੀਫ਼ ਜਸਟਿਸ ਭੂਸ਼ਣ ਆਰ. ਗਵਈ ਨੇ ਅੱਜ ਕੇਂਦਰ ਸਰਕਾਰ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸੀਨੀਅਰ ਜੱਜ ਜਸਟਿਸ ਸੂਰਿਆ ਕਾਂਤ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਦਾ ਨਾਮ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਸੁਪਰੀਮ ਕੋਰਟ ਦੇ 53ਵੇਂ ਸੀ.ਜੇ.ਆਈ. ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਰਵਾਇਤੀ ਤੌਰ ’ਤੇ ਮੌਜੂਦਾ ਸੀ.ਜੇ.ਆਈ. ਕਾਨੂੰਨ ਮੰਤਰਾਲੇ ਤੋਂ ਬੇਨਤੀ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਣੇ ਉੱਤਰਾਧਿਕਾਰੀ ਦੀ ਸਿਫ਼ਾਰਸ਼ ਕਰਦੇ ਹਨ। ਮੌਜੂਦਾ ਸੀ.ਜੇ.ਆਈ. ਗਵਈ ਦਾ ਕਾਰਜਕਾਲ 23 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।
ਜਸਟਿਸ ਸੂਰਿਆ ਕਾਂਤ 24 ਨਵੰਬਰ ਨੂੰ ਸੀ.ਜੇ.ਆਈ. ਵਜੋਂ ਸਹੁੰ ਚੁੱਕਣਗੇ। ਉਹ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ। ਉਨ੍ਹਾਂ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ। ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਵਿਚ ਸੇਵਾਮੁਕਤ ਹੁੰਦੇ ਹਨ।
ਜਸਟਿਸ ਸੂਰਿਆ ਕਾਂਤ ਭਾਰਤੀ ਨਿਆਂਪਾਲਿਕਾ ਵਿਚ ਸਿਖਰਲੇ ਅਹੁਦੇ ’ਤੇ ਪਹੁੰਚਣ ਵਾਲੇ ਹਰਿਆਣਾ ਦੇ ਪਹਿਲੇ ਵਿਅਕਤੀ ਹੋਣਗੇ। ਆਪਣੇ ਨਾਮ ਦੀ ਸਿਫ਼ਾਰਸ਼ ਕਰਦੇ ਹੋਏ ਸੀ.ਜੇ.ਆਈ. ਗਵਈ ਨੇ ਕਿਹਾ ਕਿ ਜਸਟਿਸ ਸੂਰਿਆ ਕਾਂਤ ਸੁਪਰੀਮ ਕੋਰਟ ਦੀ ਅਗਵਾਈ ਕਰਨ ਲਈ ਢੁਕਵੇਂ ਅਤੇ ਸਮਰੱਥ ਹਨ।
;
;
;
;
;
;