ਬਿਹਾਰ ਚੋਣਾਂ: ਜੇ.ਡੀ.ਯੂ. ਨੇ ਐਲਾਨੀ ਉਮੀਦਵਾਰਾਂ ਦੀ ਦੂਜੀ ਸੂਚੀ

ਪਟਨਾ, 16 ਅਕਤੂਬਰ- ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 44 ਉਮੀਦਵਾਰਾਂ ਨੂੰ ਥਾਂ ਮਿਲੀ ਹੈ। ਗੋਪਾਲਪੁਰ ਦੇ ਮੌਜੂਦਾ ਵਿਧਾਇਕ ਅਤੇ ਜੇ.ਡੀ.ਯੂ. ਨੇਤਾ ਗੋਪਾਲ ਮੰਡਲ, ਜਿਨ੍ਹਾਂ ਨੇ ਸੀ.ਐਮ. ਹਾਊਸ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਇਸ ਵਾਰ ਜੇਡੀਯੂ ਨੇ ਉਨ੍ਹਾਂ ਦੀ ਥਾਂ ਬੁਲਲੋ ਮੰਡਲ ਨੂੰ ਨਾਮਜ਼ਦ ਕੀਤਾ ਹੈ।
ਇਸ ਸੂਚੀ ਵਿਚ ਪਛੜੇ ਵਰਗ ਦੇ 37 ਉਮੀਦਵਾਰ, ਅਤਿ ਪਛੜੇ ਵਰਗ ਦੇ 22, ਜਨਰਲ ਵਰਗ ਦੇ 22, ਅਨੁਸੂਚਿਤ ਜਾਤੀ ਦੇ 15, ਘੱਟ ਗਿਣਤੀ ਦੇ 4, ਅਨੁਸੂਚਿਤ ਜਨਜਾਤੀ ਦੇ 1 ਉਮੀਦਵਾਰ ਸ਼ਾਮਿਲ ਹਨ। ਕੁੱਲ 101 ਉਮੀਦਵਾਰਾਂ ਵਿਚੋਂ 13 ਔਰਤਾਂ ਹਨ। ਜੇ.ਡੀ.ਯੂ. ਨੇ ਕੁਸ਼ਵਾਹਾ ਭਾਈਚਾਰੇ ਦੇ ਸਭ ਤੋਂ ਵੱਧ 13 ਉਮੀਦਵਾਰਾਂ, ਕੁਰਮੀ ਭਾਈਚਾਰੇ ਦੇ 12 ਉਮੀਦਵਾਰਾਂ, ਰਾਜਪੂਤ ਭਾਈਚਾਰੇ ਦੇ 10 ਉਮੀਦਵਾਰਾਂ, ਭੂਮੀਹਾਰ ਭਾਈਚਾਰੇ ਦੇ 9 ਉਮੀਦਵਾਰਾਂ, ਯਾਦਵ ਅਤੇ ਧਨੁਕ ਭਾਈਚਾਰੇ ਦੇ 8-8 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।