ਰਾਜਸਥਾਨ: ਟਰਾਲੇ ਨਾਲ ਟਕਰਾਈ ਸਕਾਰਪੀਓ, ਜ਼ਿੰਦਾ ਸੜੇ 4 ਦੋਸਤ

ਜੈਪੁਰ, 16 ਅਕਤੂਬਰ- ਬੀਤੀ ਰਾਤ ਰਾਜਸਥਾਨ ਵਿਖੇ ਬਲੋਤਰਾ ਦੇ ਸਿੰਧਾਰੀ ਥਾਣਾ ਖੇਤਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਬਲੋਤਰਾ-ਸਿੰਧਾਰੀ ਮੈਗਾ ਹਾਈਵੇਅ ’ਤੇ ਸਦਾ ਪਿੰਡ ਨੇੜੇ ਇਕ ਤੇਜ਼ ਰਫ਼ਤਾਰ ਟਰਾਲੇ ਅਤੇ ਇਕ ਸਕਾਰਪੀਓ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਨੂੰ ਕੁਝ ਹੀ ਪਲਾਂ ਵਿਚ ਅੱਗ ਲੱਗ ਗਈ ਅਤੇ ਸਕਾਰਪੀਓ ਵਿਚ ਸਵਾਰ ਪੰਜ ਦੋਸਤਾਂ ਵਿਚੋਂ ਚਾਰ ਮੌਕੇ ’ਤੇ ਹੀ ਜ਼ਿੰਦਾ ਸੜ ਗਏ। ਇਕ ਨੌਜਵਾਨ ਗੰਭੀਰ ਰੂਪ ਵਿਚ ਝੁਲਸ ਗਿਆ ਅਤੇ ਉਸ ਨੂੰ ਬਲੋਤਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਰਾਤ 12:00 ਵਜੇ ਦੇ ਕਰੀਬ ਵਾਪਰਿਆ। ਜਦੋਂ ਤੱਕ ਨੇੜਲੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ, ਅੱਗ ਦੀਆਂ ਲਪਟਾਂ ਅਸਮਾਨੀ ਚੜ੍ਹ ਗਈਆਂ ਸਨ ਅਤੇ ਅੰਦਰ ਫਸੇ ਲੋਕ ਬਚ ਨਹੀਂ ਸਕੇ।
ਪੁਲਿਸ ਦੇ ਅਨੁਸਾਰ ਹਾਦਸੇ ਵਿਚ ਮਰਨ ਵਾਲੇ ਸਾਰੇ ਨੌਜਵਾਨ ਗੁਡਾਮਾਲਾਨੀ ਸਬ-ਡਿਵੀਜ਼ਨ ਦੇ ਡਾਬਰ ਪਿੰਡ ਦੇ ਵਸਨੀਕ ਸਨ। ਪੰਜੇ ਦੋਸਤ ਬੁੱਧਵਾਰ ਸ਼ਾਮ ਨੂੰ ਕਿਸੇ ਕੰਮ ਲਈ ਸਿੰਧਾਰੀ ਗਏ ਸਨ ਅਤੇ ਅੱਧੀ ਰਾਤ ਦੇ ਕਰੀਬ ਆਪਣੀ ਸਕਾਰਪੀਓ ਵਿਚ ਘਰ ਵਾਪਸ ਆ ਰਹੇ ਸਨ। ਸਦਾ ਪਿੰਡ ਦੇ ਨੇੜੇ, ਉਨ੍ਹਾਂ ਦੀ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ।