ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ 'ਚਰਨ ਸੁਹਾਵਾ' ਪਟਨਾ ਸਾਹਿਬ ਲਿਆਂਦੇ ਜਾਣਗੇ - ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 16 ਅਕਤੂਬਰ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਕੋਲ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਾ ਸਾਹਿਬ ਹਨ। ਉਨ੍ਹਾਂ ਦਾ ਪਰਿਵਾਰ ਪਿਛਲੇ ਤਿੰਨ ਸੌ ਸਾਲਾਂ ਤੋਂ ਇਸ ਦੀ ਸੇਵਾ ਕਰ ਰਿਹਾ ਹੈ। ਹੁਣ ਪਰਿਵਾਰ ਨੇ ਇਹ ਨਿਰਣੇ ਲਿਆ ਹੈ ਕਿ ਇਹ ਪਵਿੱਤਰ ਜੋੜਾ ਸਾਹਿਬ ਗੁਰੂ ਸਾਹਿਬ ਦੇ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਲਈ ਅਰਪਿਤ ਕੀਤਾ ਜਾਵੇ।
ਹਰਦੀਪ ਸਿੰਘ ਪੁਰੀ ਨੇ ਅੱਜ ਇਸ ਦੀ ਅਧਿਕਾਰਿਕ ਘੋਸ਼ਣਾ ਕਰਦਿਆਂ ਕਿਹਾ ਕਿ ਦਿੱਲੀ ਤੋਂ ਪਟਨਾ ਸਾਹਿਬ ਤੱਕ ਜੋੜਾ ਸਾਹਿਬ ਨੂੰ “ਚਰਨ ਸੁਹਾਵਾ, ਗੁਰੂ ਚਰਨ ਯਾਤਰਾ” ਦੇ ਰੂਪ ਵਿਚ ਲਿਆਂਦਾ ਜਾਵੇਗਾ ਤਾਂ ਜੋ ਰਾਹ ਵਿਚ ਆਉਣ ਵਾਲੀ ਸੰਗਤ ਗੁਰੂ ਸਾਹਿਬ ਦੇ ਜੋੜਾ ਸਾਹਿਬ ਦੇ ਦਰਸ਼ਨ ਕਰ ਸਕੇ। ਉਨ੍ਹਾਂ ਦੱਸਿਆ ਕਿ ਯਾਤਰਾ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤੇ ਪੰਜ ਪਿਆਰੇ ਸਾਹਿਬ ਵੀ ਸ਼ਾਮਿਲ ਹੋਣਗੇ।
22 ਅਕਤੂਬਰ ਦੀ ਰਾਤ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਵਿਸ਼ੇਸ਼ ਕੀਰਤਨ ਸਮਾਗਮ ਹੋਵੇਗਾ, ਜਿਸ ਵਿਚ ਸੰਗਤ ਦੇ ਦਰਸ਼ਨ ਲਈ ਜੋੜਾ ਸਾਹਿਬ ਰੱਖੇ ਜਾਣਗੇ। 23 ਅਕਤੂਬਰ ਨੂੰ ਚਰਨ ਸੁਹਾਵਾ ਯਾਤਰਾ ਗੁਰਦੁਆਰਾ ਮੋਤੀ ਬਾਗ ਤੋਂ ਸ਼ੁਰੂ ਹੋ ਕੇ ਫ਼ਰੀਦਾਬਾਦ ਪਹੁੰਚੇਗੀ। 24 ਨੂੰ ਫ਼ਰੀਦਾਬਾਦ ਤੋਂ ਆਗਰਾ, 25 ਨੂੰ ਆਗਰਾ ਤੋਂ ਬਰੇਲੀ, 26 ਨੂੰ ਬਰੇਲੀ ਤੋਂ ਮਹੰਗਾਪੁਰ, 27 ਨੂੰ ਮਹੰਗਾਪੁਰ ਤੋਂ ਲਖਨਊ, 28 ਨੂੰ ਲਖਨਊ ਤੋਂ ਕਾਨਪੁਰ, 29 ਨੂੰ ਕਾਨਪੁਰ ਤੋਂ ਪ੍ਰਯਾਗਰਾਜ, 30 ਨੂੰ ਪ੍ਰਯਾਗਰਾਜ ਤੋਂ ਬਨਾਰਸ ਰਾਹੀਂ ਸਸਾਰਾਮ, 31 ਨੂੰ ਸਸਾਰਾਮ ਤੋਂ ਗੁਰਦੁਆਰਾ ਗੁਰੂ ਦਾ ਬਾਗ ਪਟਨਾ ਸਾਹਿਬ ਅਤੇ 1 ਨਵੰਬਰ ਦੀ ਸਵੇਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚ ਕੇ ਯਾਤਰਾ ਦਾ ਸਮਾਪਨ ਹੋਵੇਗਾ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮਹਾਸਚਿਵ ਜਗਦੀਪ ਸਿੰਘ ਕਾਹਲੋਂ, ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਸਚਿਵ ਇੰਦਰਜੀਤ ਸਿੰਘ, ਹਰਪਾਲ ਸਿੰਘ ਜੌਹਲ, ਇੰਪਰੀਤ ਸਿੰਘ ਬਕਸ਼ੀ, ਯਾਤਰਾ ਕੋਆਰਡੀਨੇਟਰ ਜਸਬੀਰ ਸਿੰਘ ਧਾਮ, ਆਗਰਾ ਤੋਂ ਕਵਲਦੀਪ ਸਿੰਘ, ਬਰੇਲੀ ਤੋਂ ਮਲਕ ਸਿੰਘ ਕਾਲਰਾ, ਕਾਨਪੁਰ ਤੋਂ ਹਰਜੀਤ ਸਿੰਘ ਕਾਲਰਾ, ਪ੍ਰਯਾਗਰਾਜ ਤੋਂ ਹਰਜਿੰਦਰ ਸਿੰਘ, ਉੱਤਰ ਪ੍ਰਦੇਸ਼ ਪੰਜਾਬੀ ਅਕੈਡਮੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਵਿਕੀ ਛਾਬੜਾ, ਦਿੱਲੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਜੱਸਾ, ਗੁਰਪ੍ਰੀਤ ਸਿੰਘ ਖੰਨਾ, ਸਾਬਕਾ ਮੈਂਬਰ ਓਂਕਾਰ ਸਿੰਘ ਰਾਜ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਰਹੀਆਂ।