ਜ਼ੁਬੀਨ ਗਰਗ ਮਾਮਲਾ : ਦੋਸ਼ੀਆਂ ਦੇ ਪਹੁੰਚਣ 'ਤੇ ਬਕਸਾ ਜੇਲ੍ਹ ਦੇ ਬਾਹਰ ਭੀੜ ਹੋਈ ਹਿੰਸਕ

ਦਿਸਪੁਰ, 15 ਅਕਤੂਬਰ - ਅਸਾਮ ਦੀ ਬਕਸਾ ਜ਼ਿਲ੍ਹਾ ਜੇਲ੍ਹ ਦੇ ਬਾਹਰ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਜਦੋਂ ਜ਼ੁਬੀਨ ਗਰਗ ਮੌਤ ਮਾਮਲੇ ਦੇ 5 ਦੋਸ਼ੀਆਂ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਲਿਆਂਦਾ ਗਿਆ। ਜਿਵੇਂ ਹੀ ਜ਼ੁਬੀਨ ਦੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਪਤਾ ਲੱਗਾ, ਭੀੜ ਇਕੱਠੀ ਹੋਣ ਲੱਗ ਪਈ। ਪ੍ਰਦਰਸ਼ਨਕਾਰੀਆਂ ਨੇ ਬਕਸਾ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੁਲਿਸ ਵਾਹਨਾਂ ਸਮੇਤ 7 ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਪੱਥਰਬਾਜ਼ੀ ਵਿਚ ਕਈ ਲੋਕ ਜ਼ਖ਼ਮੀ ਹੋ ਗਏ। ਵਧਦੇ ਤਣਾਅ ਦੇ ਜਵਾਬ ਵਿਚ, ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਂਤੀ ਬਹਾਲ ਕਰਨ ਲਈ ਜ਼ਿਲ੍ਹੇ ਵਿਚ ਕਰਫਿਊ ਲਗਾ ਦਿੱਤਾ ਹੈ ਅਤੇ ਦੂਰਸੰਚਾਰ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਗੌਤਮ ਦਾਸ ਨੇ ਤੁਰੰਤ ਇਕ ਹੁਕਮ ਜਾਰੀ ਕਰਕੇ ਬਕਸਾ ਜੇਲ੍ਹ ਦੇ 500 ਮੀਟਰ ਦੇ ਘੇਰੇ ਵਿਚ ਸਾਰੀਆਂ ਰੈਲੀਆਂ, ਪ੍ਰਦਰਸ਼ਨਾਂ ਅਤੇ ਜਲੂਸਾਂ 'ਤੇ ਪਾਬੰਦੀ ਲਗਾ ਦਿੱਤੀ। ਹੁਕਮ ਵਿਚ ਡੰਡੇ, ਛੁਰੇ, ਬਰਛੇ ਅਤੇ ਤਲਵਾਰਾਂ ਵਰਗੇ ਹਥਿਆਰਾਂ ਦੇ ਨਾਲ-ਨਾਲ ਪੱਥਰ ਜਾਂ ਪਟਾਕਿਆਂ ਸਮੇਤ ਕਿਸੇ ਵੀ ਜਲਣਸ਼ੀਲ ਸਮੱਗਰੀ ਨੂੰ ਲੈ ਕੇ ਜਾਣ ਜਾਂ ਵਰਤਣ 'ਤੇ ਵੀ ਪਾਬੰਦੀ ਲਗਾਈ ਗਈ ਹੈ।