ਦਿਵਾਲੀ ਤੋਂ ਪਹਿਲਾਂ ਅਜਨਾਲਾ ਨੇੜਿਉਂ 3 ਹੈਂਡ ਗਰਨੇਡ ਤੇ ਆਰ.ਡੀ.ਐਕਸ ਬਰਾਮਦ

ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਮਨਿੰਦਰ ਸਿੰਘ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਤੇੜੀ ਦੇ ਨੇੜਿਉਂ ਖੇਤਾਂ 'ਚੋਂ 3 ਹੈਂਡ ਗਰਨੇਡ ਅਤੇ ਆਰ.ਡੀ.ਐਕਸ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੇ ਐਸ.ਐਚ.ਓ. ਸਬ ਇੰਸਪੈਕਟਰ ਹਰਚੰਦ ਸਿੰਘ ਸੰਧੂ ਪਿੰਡ ਤੇੜੀ ਨੇੜੇ ਇਕ ਕਿਸਾਨ ਦੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕ ਕਰਨ ਲਈ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਇਕ ਸ਼ੱਕੀ ਬੈਗ ਮਿਲਿਆ ਜਿਸ ਨੂੰ ਖੋਲ੍ਹਣ 'ਤੇ ਉਸ ਵਿਚੋਂ 3 ਹੈਂਡ ਗਰਨੇਡ ਆਰ.ਡੀ.ਐਕਸ ਤੇ ਹੋਰ ਸਾਮਾਨ ਮਿਲਿਆ ਹੈ। ਪੁਲਿਸ ਵਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ ਹੈ I