ਸਿਵਲ ਹਸਪਤਾਲ ਦੇ ਗੇਟ ਨੇੜੇ ਰੇਹੜੀ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਕਪੂਰਥਲਾ, 15 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਸਿਵਲ ਹਸਪਤਾਲ ਦੇ ਬਾਹਰੋਂ ਗੇਟ ਨੇੜੇ ਲਗਭਗ 3-4 ਦਿਨ ਪੁਰਾਣੀ ਇਕ ਅਣਪਛਾਤੇ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਰੇਹੜੀ 'ਤੇ ਢਕੀ ਹੋਈ ਗਲੀ ਸੜੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ. ਮੰਗਲ ਸਿੰਘ ਤੇ ਕਾਂਸਟੇਬਲ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਿਵਲ ਹਸਪਤਾਲ ਦੇ ਬਾਹਰ ਰੇਹੜੀ 'ਤੇ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ | ਜਿਸ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੀ ਸ਼ਨਾਖ਼ਤ ਲਈ ਨੇੜਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਉਸ ਦੀ ਪਹਿਚਾਣ ਨਹੀਂ ਹੋ ਸਕੀ | ਜਿਸ ਤੋਂ ਬਾਅਦ ਲਾਸ਼ ਦੀ ਸ਼ਨਾਖ਼ਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦਾ ਮੁੱਖ ਸਰਕਾਰੀ ਹਸਪਤਾਲ ਹੋਣ ਕਾਰਨ 24 ਘੰਟੇ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਤੇ ਪੁਲਿਸ ਦਾ ਵੀ ਕਈ ਵਾਰ ਨੇੜੇ ਨਾਕਾ ਲੱਗਾ ਹੁੰਦਾ ਹੈ ਪਰ ਫਿਰ ਵੀ ਕਿਸੇ ਨੂੰ ਲਾਸ਼ ਪਏ ਹੋਣ ਦਾ ਪਤਾ ਨਹੀਂ ਲੱਗ ਸਕਿਆ | ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਤੋਂ ਬਦਬੂ ਆ ਰਹੀ ਸੀ |