JALANDHAR WEATHER

15-10-25

 ਸਮੇਂ ਦੀ ਕਦਰ

ਸਮਾਂ ਘੜੀ, ਪਲ, ਮਿੰਟ, ਘੰਟਿਆਂ ਅਤੇ ਦਿਨਾਂ ਦੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈ। ਜੋ ਸਮਾਂ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਸਮਾਂ ਬੀਤ ਜਾਣ ਤੋਂ ਬਾਅਦ ਪਛਤਾਵਾ ਹੀ ਰਹਿ ਜਾਂਦਾ ਹੈ। ਇਨਸਾਨ ਪਹਿਲਾਂ ਸਹੀ ਢੰਗ ਨਾਲ ਆਪਣੇ ਸਮੇਂ ਦੀ ਵਰਤੋਂ ਨਹੀਂ ਕਰਦਾ। ਆਪਣਾ ਕੀਮਤੀ ਸਮਾਂ ਫਾਲਤੂ ਦੇ ਕੰਮਾਂ ਵਿਚ ਲਗਾ ਦਿੰਦਾ ਹੈ ਅਤੇ ਸਮਾਂ ਬੀਤ ਜਾਣ ਤੋਂ ਬਾਅਦ ਉਸ ਨੂੰ ਪਛਤਾਵਾ ਹੁੰਦਾ ਹੈ ਅਤੇ ਸਮੇਂ ਦੀ ਕਦਰ ਦਾ ਪਤਾ ਲੱਗਦਾ ਹੈ। ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਹਮੇਸ਼ਾ ਕਾਮਯਾਬ ਹੁੰਦੇ ਹਨ। ਜੋ ਵਿਅਕਤੀ ਸਮੇਂ ਦੇ ਨਾਲ ਨਹੀਂ ਚਲਦੇ ਉਹ ਪਿੱਛੇ ਰਹਿ ਜਾਂਦੇ ਹਨ। ਚਾਣਕਯ ਦੇ ਵਿਚਾਰ ਅਨੁਸਾਰ ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ ਪਰ ਆਪ ਸਥਿਰ ਰਹਿੰਦਾ ਹੈ ਤੇ ਸਭ ਨੂੰ ਛੱਡ ਜਾਂਦਾ ਹੈ। ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ। ਇਸ ਲਈ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।

-ਦਲਜੀਤ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)

ਰੁੱਖਾਂ ਦੀ ਮਹੱਤਤਾ

ਰੁੱਖਾਂ ਦੀ ਸਾਡੇ ਜੀਵਨ ਵਿਚ ਇਕ ਅਹਿਮ ਭੂਮਿਕਾ ਹੁੰਦੀ ਹੈ, ਉਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਨਾਲ ਮਨੁੱਖ ਸਮੇਤ ਧਰਤੀ 'ਤੇ ਰਹਿੰਦੇ ਜੀਵਾਂ ਦਾ ਜੀਵਨ ਚੱਲਦਾ ਹੈ, ਇਸ ਦੇ ਨਾਲ ਇਹ ਹਵਾ ਨੂੰ ਸਾਫ਼ ਕਰਨ ਅਤੇ ਜਲਵਾਯੂ ਪਰਿਵਰਤਨ ਦਾ ਮੁੱਖ ਕਾਰਨ ਬਣਦੇ ਹਨ। ਇਹ ਵਰਖਾ ਵੀ ਰੁੱਖਾਂ 'ਤੇ ਹੀ ਨਿਰਭਰ ਹੁੰਦੀ ਹੈ ਜਿਸ ਨਾਲ ਫ਼ਸਲੀ ਚੱਕਰ ਸਹੀ ਤਰੀਕੇ ਨਾਲ ਚੱਲਦਾ ਹੈ। ਇਸ ਦੇ ਨਾਲ ਘਰਾਂ ਦੇ ਫਰਨੀਚਰ ਬਣਾਉਣ ਲਈ ਲੱਕੜੀਆਂ ਵੀ ਪ੍ਰਦਾਨ ਕਰਦੇ ਹਨ।
ਰੁੱਖ ਸਾਡੇ ਆਲੇ-ਦੁਆਲੇ ਹਰਿਆ-ਭਰਿਆ ਵਾਤਾਵਰਨ ਬਣਾਉਂਦੇ ਹਨ, ਇਸ ਤੋਂ ਇਲਾਵਾ ਭੌ ਖੋਰ ਤੋਂ ਬਚਾਉਂਦਾ ਹੈ। ਇਸ ਲਈ ਸਾਨੂੰ ਇਨ੍ਹਾਂ ਨੂੰ ਵੱਢਣਾ ਨਹੀਂ ਚਾਹੀਦਾ ਸਗੋਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ

-ਦਲਵੀਰ ਕੌਰ
ਅਨੰਦਪੁਰ ਸਾਹਿਬ।

ਭ੍ਰਿਸ਼ਟਾਚਾਰ 'ਤੇ ਲਗਾਮ ਜ਼ਰੂਰੀ

ਉੱਘੇ ਕਾਲਮਨਵੀਸ ਪੂਰਨ ਚੰਦ ਸਰੀਨ ਜੀ ਦਾ ਲੇਖ, 'ਭ੍ਰਿਸ਼ਟਾਚਾਰ ਤੇ ਨੌਕਰਸ਼ਾਹੀ ਉੱਤੇ ਲਗਾਮ ਲਾਉਣ ਤੋਂ ਬਿਨਾਂ ਭਾਰਤੀ ਵਾਪਸ ਨਹੀਂ ਆਉਣਗੇ' ਕਾਬਲ- ਏ-ਤਰੀਫ਼ ਸੀ ਅਤੇ ਸਾਡੇ ਦੇਸ਼ ਦੀ ਵਿਵਹਾਰਿਕ ਤਸਵੀਰ ਪੇਸ਼ ਕਰਦਾ ਲੇਖ ਹੈ। ਲੇਖਕ ਦੇ ਅਨੁਸਾਰ ਲਗਭਗ 18 ਲੱਖ ਦੇ ਕਰੀਬ ਭਾਰਤੀ ਅਮਰੀਕਾ, ਕੈਨੇਡਾ , ਬ੍ਰਿਟੇਨ, ਆਸਟਰੇਲੀਆ ਜਿਹੇ ਦੇਸ਼ਾਂ ਵਿਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਉਨ੍ਹਾਂ ਦੇਸ਼ਾਂ ਨੂੰ ਖੁਸ਼ਹਾਲ ਬਣਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪਰ ਭਾਰਤ ਦੇ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਹੁਨਰਮੰਦ ਭਾਰਤੀ ਵਿਦਿਆਰਥੀ ਆਪਣੇ ਦੇਸ਼ ਵਿਚ ਆ ਕੇ ਆਪਣੀ ਤੀਖਣ ਬੁੱਧੀ ਦਾ ਇਸਤੇਮਾਲ ਕਰ ਕੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਪਰ ਕੀ ਭਾਰਤ ਵਿਚ ਇਹ ਸੰਭਵ ਹੋ ਸਕੇਗਾ? ਜਿੱਥੇ ਭ੍ਰਿਸ਼ਟਾਚਾਰ ਅਤੇ ਨੌਕਰਸ਼ਾਹੀ ਵਿਚ ਭ੍ਰਿਸ਼ਟਾਚਾਰ ਅਤੇ ਸ਼ਕਤੀ ਲਈ ਭੁੱਖ ਦਿਨੋ-ਦਿਨ ਵਧ ਰਹੀ ਹੈ। ਜਿੱਥੇ ਥਾਂ-ਥਾਂ 'ਤੇ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਅਤੇ ਸਿਹਤ ਅਤੇ ਸਿੱਖਿਆ ਸਹੂਲਤਾਂ ਨਾਮਾਤਰ ਦੀਆਂ ਬਣਦੀਆਂ ਜਾ ਰਹੀਆਂ ਹਨ। ਜਿੱਥੇ ਭਾਰਤੀ ਉੱਦਮੀਆਂ ਨੂੰ ਸਟਾਰਟ ਅੱਪ ਕਰਨ ਲਈ ਭਾਰੀ ਕਾਨੂੰਨੀ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੰਨਾ ਚਿਰ ਸਾਡੀਆਂ ਜੜ੍ਹਾਂ ਵਿਚੋਂ ਬੇਈਮਾਨੀ, ਭ੍ਰਿਸ਼ਟਾਚਾਰ ਲਾਲਚ ਬਾਹਰ ਨਹੀਂ ਨਿਕਲਦਾ, ਬਰੇਨ- ਡਰੇਨ ਨੂੰ ਨਹੀਂ ਰੋਕਿਆ ਜਾ ਸਕਦਾ।

-ਗੁਰਮੀਤ ਸਿੰਘ ਭੋਮਾ
ਗ੍ਰੇਟਰ ਕੈਲਾਸ਼ ਬਟਾਲਾ, (ਗੁਰਦਾਸਪੁਰ)