ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਦੂਸਰੇ ਦੇਸ਼ਾਂ ’ਤੇ ਨਿਰਭਰ ਹੋਣਾ- ਪ੍ਰਧਾਨ ਮੰਤਰੀ ਮੋਦੀ

ਗਾਂਧੀਨਗਰ, 20 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਪਹੁੰਚਣ ਤੋਂ ਬਾਅਦ ਭਾਵਨਗਰ ਵਿਚ ਇਕ ਵੱਡਾ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਹਵਾਈ ਅੱਡੇ ਤੋਂ ਗਾਂਧੀ ਮੈਦਾਨ ਤੱਕ ਲਗਭਗ ਇਕ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ, ਜਿਥੇ ਉਨ੍ਹਾਂ ਨੇ ਇਕ ਜਨਤਕ ਸਮਾਗਮ ਕਰਨਾ ਸੀ। ਹਜ਼ਾਰਾਂ ਲੋਕ ਫੁੱਲਾਂ ਅਤੇ ਤਾੜੀਆਂ ਨਾਲ ਮੋਦੀ ਦਾ ਸਵਾਗਤ ਕਰਨ ਲਈ ਦੋਵਾਂ ਪਾਸਿਆਂ ’ਤੇ ਖੜ੍ਹੇ ਸਨ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 34,200 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਵਿਚ ‘ਸਮੁੰਦਰ ਸੇ ਸਮ੍ਰਿੱਧੀ’ ਨਾਮਕ ਇਕ ਵੱਡਾ ਪ੍ਰੋਜੈਕਟ ਸ਼ਾਮਿਲ ਹੈ, ਜਿਸਦਾ ਉਦੇਸ਼ ਸਮੁੰਦਰੀ ਖੇਤਰ ਰਾਹੀਂ ਵਪਾਰ, ਰੁਜ਼ਗਾਰ ਅਤੇ ਵਿਕਾਸ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਗੁਜਰਾਤ ਅਤੇ ਦੇਸ਼ ਦੇ ਉੱਜਵਲ ਭਵਿੱਖ ਨਾਲ ਜੋੜਿਆ ਅਤੇ ਕਿਹਾ ਕਿ ਇਹ ਆਰਥਿਕ ਤਰੱਕੀ ਨੂੰ ਇਕ ਨਵੀਂ ਗਤੀ ਦੇਵੇਗਾ। ਇਸ ਮੌਕ ਉਨ੍ਹਾਂ ਕਿਹਾ ਕਿ ਭਾਰਤ ਸਮੇਤ ਦੁਨੀਆ ਭਰ ਤੋਂ ਮੈਨੂੰ ਜੋ ਪਿਆਰ ਮਿਲਿਆ ਹੈ, ਉਹ ਮੇਰੀ ਤਾਕਤ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿਸ਼ਵਵਿਆਪੀ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਦੁਨੀਆ ਵਿਚ ਸਾਡਾ ਕੋਈ ਦੁਸ਼ਮਣ ਨਹੀਂ ਹੈ ਤੇ ਸੱਚਮੁੱਚ ਜੇਕਰ ਸਾਡਾ ਕੋਈ ਦੁਸ਼ਮਣ ਹੈ, ਤਾਂ ਉਹ ਹੈ ਦੂਜੇ ਦੇਸ਼ਾਂ ’ਤੇ ਸਾਡੀ ਨਿਰਭਰਤਾ। ਇਹ ਸਾਡਾ ਦੁਸ਼ਮਣ ਹੈ। ਸਾਨੂੰ ਭਾਰਤ ਦੇ ਇਸ ਦੁਸ਼ਮਣ ਨੂੰ ਹਰਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ।
ਦੂਜਿਆਂ ’ਤੇ ਨਿਰਭਰ ਰਹਿਣ ਨਾਲ ਸਾਡੇ ਸਵੈ-ਮਾਣ ਨੂੰ ਠੇਸ ਪਹੁੰਚੇਗੀ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਜ਼ੋਖ਼ਮ ਵਿੱਚ ਨਹੀਂ ਪਾ ਸਕਦੇ। ਇਸੇ ਲਈ ਕਿਹਾ ਜਾਂਦਾ ਹੈ ਕਿ ਸੌ ਸਮੱਸਿਆਵਾਂ ਦਾ ਇਕ ਹੀ ਇਲਾਜ ਹੈ, ‘‘ਇਕ ਸਵੈ-ਨਿਰਭਰ ਭਾਰਤ’’।