ਪੰਜਾਬ ਦੇ ਲੋਕਾਂ ਦੀ ਸਾਰ ਲੈਣ ਵਿਚ ਅਸਫਲ ਹੋਈ ਹੈ, ਕੁਰਸੀ ਦੇ ਚੱਕਰ ਵਿੱਚ ਉਲਝੀ ਹੋਈ 'ਆਪ' ਦੀ ਸਰਕਾਰ - ਅਨਿਲ ਸਰੀਨ
ਚੰਡੀਗੜ੍ਹ, 20 ਸਤੰਬਰ (ਅਜਾਇਬ ਔਜਲਾ) - ਕੁਰਸੀ ਦੇ ਚੱਕਰ ਵਿਚ ਉਲਝੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਵਿਚ ਅਸਫ਼ਲ ਹੋਈ ਹੈ ਤੇ ਪੰਜਾਬ ਦੇ ਲੋਕ ਹੜ੍ਹਾਂ ਦੀ ਤਬਾਹੀ ਤੋਂ ਤਰਾਹ ਤਰਾਹ ਕਰ ਰਹੇ ਹਨ। ਇਹ ਗੱਲ ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਚ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਵਲੋਂ ਸਾਂਝੀ ਕੀਤੀ ਗਈ।ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਹਿਲਾਂ ਇਸ ਸਰਕਾਰ ਵਲੋਂ ਰੇਤ ਚੋਰੀ ਕੀਤੀ ਗਈ ਤੇ ਹੁਣ 12 ਹਜ਼ਾਰ ਕਰੋੜ ਰੁਪਏ ਚੋਰੀ ਕਰ ਲਏ ਗਏ ਹਨ, ਜਿਸ ਦਾ ਕੋਈ ਹਿਸਾਬ ਕਿਤਾਬ ਦੇਣ ਤੋਂ ਇਹ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਦੇ ਸੰਬੰਧੀ ਪੰਜਾਬ ਦੇ ਵਜ਼ੀਰ ਕੁਝ ਹੋਰ ਕਹਿ ਰਹੇ ਹਨ, ਪੰਜਾਬ ਦਾ ਮੁੱਖ ਮੰਤਰੀ ਕੁਝ ਹੋਰ ਬਿਆਨ ਦੇ ਰਿਹਾ ਹੈ, ਜਦਕਿ ਕੈਗ ਦੀ ਰਿਪੋਰਟ ਕੁਝ ਹੋਰ ਖ਼ੁਲਾਸੇ ਕਰ ਰਹੀ ਹੈ। ਇਸ ਮੌਕੇ 'ਤੇ ਅਨਿਲ ਸਰੀਨ ਨੇ ਅੰਕੜਿਆਂ ਦੇ ਨਾਲ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਝੁਠਲਾਇਆ। ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਪ੍ਰਤੀ ਖ਼ਾਸ ਕਰਕੇ ਹੜ੍ਹ ਮਾਰੇ ਲੋਕਾਂ ਪ੍ਰਤੀ ਸਰਕਾਰ ਦੀ ਨੀਅਤ ਸਹੀ ਨਹੀਂ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਭਾਜਪਾ, ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਨਾਲ ਹਰ ਦੁੱਖ ਤਕਲੀਫ਼ ਵਿਚ ਖੜੀ ਹੈ ਅਤੇ ਉਹ ਅੱਗੋਂ ਵੀ ਹਰ ਸੰਭਵ ਯਤਨ ਕਰਦੇ ਰਹਿਣਗੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਮੁਸਕਲ ਦਾ ਸਾਹਮਣਾ ਨਾ ਕਰਨਾ ਪਵੇ।