ਸੜਕ ਹਾਦਸੇ ’ਚ ਮੌਤ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੇ ਮਾਮਲੇ 'ਚ ਪਰਚਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਚੱਕਾ ਜਾਮ

ਮਹਿਲ ਕਲਾਂ, (ਬਰਨਾਲਾ), 16 ਸਤੰਬਰ (ਅਵਤਾਰ ਸਿੰਘ ਅਣਖੀ)- ਬੀਤੇ ਸ਼ਨੀਵਾਰ ਨੂੰ ਕਾਰ ਦੇ ਇੱਟਾਂ ਵਾਲੀ ਟਰੈਕਟਰ-ਟਰਾਲੀ ਮਗਰ ਟਕਰਾਉਣ ਨਾਲ ਵਾਪਰੇ ਦੁਖਦਾਈ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਾਉਣ ਨੂੰ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਨੇ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਧਰਨਾਕਾਰੀਆਂ ਦੀ ਮੰਗ ਹੈ ਕਿ ਸਥਾਨਕ ਪੁਲਿਸ ਭੱਠਾ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਭੱਠਾ ਮਾਲਕਾਂ ਵਲੋਂ ਖਸਤਾ ਹਾਲਤ ਟਰੈਕਟਰ-ਟਰਾਲੀ ਨੂੰ ਢੋਆ ਢੁਆਈ ਲਈ ਗੈਰ-ਕਾਨੂੰਨੀ ਤਰੀਕੇ ਨਾਲ ਨਿਯਮਾਂ ਦੀ ਉਲੰਘਣਾ ਕਰਕੇ ਵਰਤਿਆ ਜਾ ਰਿਹਾ ਸੀ, ਜੇਕਰ ਟਰਾਲੀ ਮਗਰ ਢੁਕਵੀਆਂ ਲਾਈਟਾਂ ਜਾਂ ਰਿਫਲੈਕਟਰ ਲੱਗੇ ਹੁੰਦੇ ਤਾਂ ਇਹ ਹਾਦਸਾ ਨਾ ਵਾਪਰਦਾ।