ਹਿਮਾਚਲ: ਜ਼ਮੀਨ ਖਿਸਕਣ ਕਾਰਨ ਡਿੱਗਿਆ ਮਕਾਨ, 3 ਦੀ ਮੌਤ

ਸੁੰਦਰਨਗਰ, 16 ਸਤੰਬਰ (ਕੁਲਭੂਸ਼ਣ ਚੱਬਾ)- ਹਿਮਾਚਲ ਦੇ ਮੰਡੀ ਵਿਚ ਭਾਰੀ ਮੀਂਹ ਕਾਰਨ ਬਹੁਤ ਤਬਾਹੀ ਹੋਈ। ਨਿਹਾਰੀ ਦੇ ਬ੍ਰਗਟਾ ਪਿੰਡ ਵਿਚ ਜ਼ਮੀਨ ਖਿਸਕਣ ਕਾਰਨ ਇਕ ਘਰ ਢਹਿ ਗਿਆ। ਇਸ ਵਿਚ ਇਕੋ ਪਰਿਵਾਰ ਦੇ 5 ਲੋਕ ਮਲਬੇ ਹੇਠ ਦੱਬ ਗਏ ਸਨ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਘਰ ’ਤੇ ਡਿੱਗੀਆਂ ਵੱਡੀਆਂ ਚੱਟਾਨਾਂ ਅਤੇ ਮਲਬੇ ਹੇਠ ਦੱਬੇ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਵਿਚ ਦੋ ਔਰਤਾਂ ਅਤੇ ਇਕ ਮਾਸੂਮ ਅੱਠ ਮਹੀਨਿਆਂ ਦਾ ਬੱਚਾ ਸ਼ਾਮਿਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਨਿਹਾਰੀ ਪੁਲਿਸ ਚੌਕੀ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਡੀ.ਐਸ.ਪੀ. ਸੁੰਦਰਨਗਰ ਵੀ ਮੌਕੇ ’ਤੇ ਰਵਾਨਾ ਹੋ ਗਏ ਹਨ। ਐਸ.ਪੀ. ਮੰਡੀ ਸਾਕਸ਼ੀ ਵਰਮਾ ਨੇ ਤਿੰਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਸਬ-ਡਿਵੀਜ਼ਨਲ ਅਧਿਕਾਰੀ ਸੁੰਦਰਨਗਰ ਅਮਰ ਨੇਗੀ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਇਲਾਕੇ ਵਿਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਅਤੇ ਸੜਕ ਜਾਮ ਹੋਣ ਦੀਆਂ ਰਿਪੋਰਟਾਂ ਹਨ। ਪ੍ਰਸ਼ਾਸਨ ਤੁਰੰਤ ਪ੍ਰਭਾਵਿਤ ਪਰਿਵਾਰ ਲਈ ਰਾਹਤ ਸਮੱਗਰੀ ਅਤੇ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਮੌਸਮ ਵਿਭਾਗ ਵਲੋਂ ਜਾਰੀ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣ ਅਤੇ ਫਿਲਹਾਲ ਸੰਵੇਦਨਸ਼ੀਲ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਪਰਿਵਾਰ ਡੂੰਘੀ ਨੀਂਦ ਵਿਚ ਸੀ ਅਤੇ ਕੁਝ ਹੀ ਸਮੇਂ ਵਿੱਚ ਪੂਰਾ ਘਰ ਮਲਬੇ ਵਿਚ ਬਦਲ ਗਿਆ। ਪਿੰਡ ਵਾਸੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਮਲਬਾ ਹਟਾਉਣ ਵਿਚ ਪੁਲਿਸ ਦੀ ਮਦਦ ਕੀਤੀ।
ਇਸ ਸਬੰਧੀ ਸੂਬਾ ਭਾਜਪਾ ਦੇ ਮੁੱਖ ਬੁਲਾਰੇ ਅਤੇ ਸੁੰਦਰਨਗਰ ਦੇ ਵਿਧਾਇਕ ਰਾਕੇਸ਼ ਜਾਮਵਾਲ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਮੰਡੀ ਅਪੂਰਵ ਦੇਵਗਨ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।