ਪਿੰਡ ਕੜਾਲ ਕਲਾਂ ਵਿਖੇ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ

ਕਪੂਰਥਲਾ, 13 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਕੜਾਲ ਕਲਾਂ ਵਿਖੇ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੀ ਐਸ.ਐਚ.ਓ. ਪ੍ਰਭਜੋਤ ਕੌਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਜੱਸੀ (32) ਪੁੱਤਰ ਜੀਤ ਸਿੰਘ ਵਾਸੀ ਕੜਾਲ ਕਲਾਂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਬੀਤੇ ਦਿਨੀਂ ਦੁਪਹਿਰ ਸਮੇਂ ਪਿੰਡ ਦੇ ਹੀ ਇਕ ਨੌਜਵਾਨ ਨਾਲ ਆਪਣੇ ਮੋਟਰਸਾਈਕਲ 'ਤੇ ਗਿਆ ਸੀ। ਉਨ੍ਹਾਂ ਨੂੰ ਬੀਤੀ ਦੇਰ ਰਾਤ ਪਿੰਡ ਦੇ ਹੀ ਕਿਸੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬੇਹੋਸ਼ੀ ਦੀ ਹਾਲਤ ਵਿਚ ਪਿੰਡ ਦੇ ਬਾਹਰ ਡਿੱਗਾ ਪਿਆ ਹੈ ਤੇ ਨਜ਼ਦੀਕ ਹੀ ਉਸਦਾ ਮੋਟਰਸਾਈਕਲ ਵੀ ਖੜ੍ਹਾ ਹੈ, ਜਿਸ 'ਤੇ ਉਹ ਤੁਰੰਤ ਘਟਨਾ ਸਥਾਨ 'ਤੇ ਪੁੱਜੇ ਅਤੇ ਆਪਣੇ ਲੜਕੇ ਨੂੰ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ। ਜਿਥੇ ਡਿਊਟੀ ਡਾਕਟਰ ਵਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸ.ਐਚ.ਓ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।