ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਦੋ ਨੌਜਵਾਨ ਗੰਭੀਰ ਜ਼ਖਮੀ

ਜੈਤੀਪੁਰ, ਕੱਥੂਨੰਗਲ (ਅੰਮ੍ਰਿਤਸਰ), 13 ਸਤੰਬਰ (ਭੁਪਿੰਦਰ ਸਿੰਘ ਗਿੱਲ, ਦਲਵਿੰਦਰ ਸਿੰਘ ਰੰਧਾਵਾ)-ਅੰਮ੍ਰਿਤਸਰ-ਪਠਾਨਕੋਟ ਰੋਡ ਉਤੇ ਸਥਿਤ ਕਸਬਾ ਕੱਥੂਨੰਗਲ ਵਿਖੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਦੋਵਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਰਾਹਗੀਰਾਂ ਨੇ ਦੱਸਿਆ ਕਿ ਬਟਾਲਾ ਸਾਈਡ ਤੋਂ ਆ ਰਿਹਾ ਨੌਜਵਾਨ ਤੇਜ਼ੀ ਨਾਲ ਕਿਸੇ ਹੋਰ ਵਾਹਨ ਨੂੰ ਪਾਸ ਕਰ ਰਿਹਾ ਸੀ ਜੋ ਅੱਗੇ ਆ ਰਹੇ ਮੋਟਰਸਾਈਕਲ ਸਵਾਰ ਵਿਚ ਜਾ ਵੱਜਾ। ਘਟਨਾ ਸਥਾਨ ਉਤੇ ਮੌਕੇ ਉਤੇ ਪਹੁੰਚੇ ਏ.ਐਸ.ਆਈ. ਸੋਹਣ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੈਰੋਨੰਗਲ ਤੇ ਦੂਜਾ ਸੰਦੀਪ ਸਿੰਘ ਸੰਨੀ ਪੁੱਤਰ ਗੁਰਮੀਤ ਸਿੰਘ ਮੀਤਾ ਵਾਸੀ ਵਰਿਆਮ ਨੰਗਲ ਗੰਭੀਰ ਰੂਪ ਵਿਚ ਜ਼ਖਮੀ ਹੋਏ ਜਿਨ੍ਹਾਂ ਨੂੰ ਅਸੀਂ ਸਥਾਨਕ ਲੋਕਾਂ ਦੀ ਮਦਦ ਨਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਹੈ। ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।