ਫਗਵਾੜਾ ਪਲਾਹੀ ਰੋਡ ’ਤੇ ਘਰ ਵਿਚ ਖੜੀ ਗੱਡੀ ਤੇ ਮੋਟਰਸਾਈਕਲ ਲੱਗੀ ਭਿਆਨਕ ਅੱਗ

ਫਗਵਾੜਾ (ਕਪੂਰਥਲਾ), 9 ਸਤੰਬਰ (ਹਰਜੋਤ ਸਿੰਘ ਚਾਨਾ)- ਪਲਾਹੀ ਰੋਡ ਨਿਊ ਵਿਸ਼ਵਕਰਮਾ ਨਗਰ ਵਿਖੇ ਇਕ ਘਰ ਵਿਚ ਖੜੀ ਕਾਰ, ਮੋਟਰਸਾਈਕਲ ਅਤੇ ਹੋਰ ਕੀਮਤੀ ਸਮਾਨ ਅਚਾਨਕ ਭੇਦਭਰੇ ਹਾਲਾਤ ਵਿਚ ਅੱਗ ਦੀ ਲਪੇਟ ਵਿਚ ਆ ਗਏ। ਇਹ ਘਟਨਾ ਬੀਤੀ ਕੱਲ੍ਹ ਵਾਪਰੀ ਜਦੋਂ ਘਰ ਮਾਲਕ ਰਜਨੀ ਆਪਣੇ ਪਰਿਵਾਰ ਸਮੇਤ ਘਰ ਅੰਦਰ ਮੌਜੂਦ ਸੀ। ਰਜਨੀ ਨੇ ਦੱਸਿਆ ਕਿ ਅਚਾਨਕ ਘਰ ਅੰਦਰ ਸੜਨ ਦੀ ਬਦਬੂ ਆਉਣ ’ਤੇ ਜਦੋਂ ਉਹ ਬਾਹਰ ਆਏ, ਤਾਂ ਉਹਨਾਂ ਨੇ ਵੇਖਿਆ ਕਿ ਗੱਡੀ ਨੂੰ ਭਿਆਨਕ ਅੱਗ ਲੱਗੀ ਹੋਈ ਸੀ।
ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿਚ ਨੇੜੇ ਖੜੇ ਮੋਟਰਸਾਈਕਲ, ਘਰ ਦੇ ਬਾਹਰ ਲੱਗੇ ਏ.ਸੀ., ਸੀ.ਸੀ.ਟੀ.ਵੀ. ਕੈਮਰੇ ਅਤੇ ਹੋਰ ਸਮਾਨ ਵੀ ਇਸ ਦੀ ਲਪੇਟ ਵਿਚ ਆ ਗਏ। ਪਰਿਵਾਰ ਅਨੁਸਾਰ ਇਸ ਘਟਨਾ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਰਜਨੀ ਦੇ ਦੱਸਣ ਮੁਤਾਬਕ ਅੱਗ ਸ਼ਾਰਟ ਸਰਕਟ ਹੋਣ ਨਾਲ ਲੱਗੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਦੇ ਹੀ ਅੱਗ ਬੁਝਾਉ ਦਲ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਉਸ ਸਮੇਂ ਤੱਕ ਕਾਫ਼ੀ ਵੱਡਾ ਨੁਕਸਾਨ ਹੋ ਚੁੱਕਾ ਸੀ।