ਬੰਡਾਲਾ ਦੇ ਭੱਠੇ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ

ਜੰਡਿਆਲਾ ਮੰਜਕੀ, (ਜਲੰਧਰ), 9 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ’ਚ ਲਗਾਤਾਰ ਮੀਂਹ ਨਾਲ ਜਿਥੇ ਪੰਜਾਬ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ,ਉਥੇ ਹੀ ਮੀਂਹ ਦੌਰਾਨ ਪੈਣ ਵਾਲੀ ਅਸਮਾਨੀ ਬਿਜਲੀ ਨਾਲ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਨਜ਼ਦੀਕੀ ਪਿੰਡ ਬੰਡਾਲਾ ਮੰਜਕੀ ਵਿਚ ਰਵੀ ਕਾਂਤ ਅਗਰਵਾਲ ਦੇ ਇੱਟਾਂ ਦੇ ਭੱਠੇ ਦੀ ਬਣੀ ਚਿਮਨੀ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਜਿਥੇ ਚਿਮਨੀ ਵਿਚ ਪਾੜ ਪੈ ਗਿਆ, ਉਥੇ ਹੀ ਹੋਰ ਸਾਮਾਨ ਦਾ ਵੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੱਠੇ ਦੇ ਮਾਲਕ ਰਵੀਕਾਂਤ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਭੱਠੇ ਉਤੇ ਮੌਜੂਦ ਸਨ ਤਾਂ ਇਕਦਮ ਬਲਾਸਟ ਹੋਣ ਦੀ ਉੱਚੀ ਆਵਾਜ਼ ਆਈ। ਜਦੋਂ ਉਨ੍ਹਾਂ ਬਾਹਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਭੱਠੇ ਦੀ ਚਿਮਨੀ ਉਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿਥੇ ਚਿਮਨੀ ’ਚ 10 ਤੋਂ 12 ਫੁੱਟ ਦਾ ਪਾੜ ਪੈ ਗਿਆ, ਉਥੇ ਹੀ ਭੱਠੇ ਉੱਪਰ ਬਣੀਆਂ ਸ਼ੈੱਡਾਂ ਵੀ ਕਈ ਥਾਵਾਂ ਤੋਂ ਟੁੱਟ ਗਈਆਂ ਅਤੇ ਇਲੈਕਟ੍ਰੋਨਿਕਸ ਦਾ ਸਾਮਾਨ ਵੀ ਸੜ ਗਿਆ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਉਨ੍ਹਾਂ ਦਾ ਤਕਰੀਬਨ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।