ਪਿੰਡ ਮਾਨ੍ਹਾ ਤਲਵੰਡੀ ਕਾਲੀ ਵੇਈਂ 'ਚ ਗੁੱਜਰਾਂ ਦੀਆਂ 18 ਮੱਝਾਂ ਡੁੱਬ ਕੇ ਮਰੀਆਂ
ਭੁਲੱਥ, 9 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਮਾਨ੍ਹਾ ਤਲਵੰਡੀ ਨਜ਼ਦੀਕ ਖੱਸਣ ਕਾਲੀ ਵੇਈਂ ਵਿਚ ਗੁੱਜਰ ਭਾਈਚਾਰੇ ਦੀਆਂ 18 ਮੱਝਾਂ ਡੁੱਬ ਕੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਲੀ ਮੁਹੰਮਦ ਪੁੱਤਰ ਨਵਾਬਦੀਨ ਵਾਸੀ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਹਮੀਰਾ ਸਾਈਡ ਤੋਂ ਜਦੋਂ ਆਪਣੀਆਂ ਮੱਝਾਂ ਲੈ ਕੇ ਆਪਣੇ ਪਿੰਡ ਧਾਰੀਵਾਲ ਲਈ ਰਵਾਨਾ ਹੋਏ ਤੇ ਜਦੋਂ ਉਹ ਪਿੰਡ ਮਾਨ੍ਹਾ ਤਲਵੰਡੀ ਨਜ਼ਦੀਕ ਖੱਸਣ ਕਾਲੀ ਵੇਈਂ ਪੁਲ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਦੀਆਂ 20 ਮੱਝਾਂ ਚਲਦੇ ਪਾਣੀ ਵਿਚ ਵੜ ਗਈਆਂ। ਕਾਲੀ ਵੇਈਂ ਨਜ਼ਦੀਕ ਮਾਨ੍ਹਾ ਤਲਵੰਡੀ ਪੁਲ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਰਕੇ ਪਾਣੀ ਵਿਚੋਂ ਨਿਕਲ ਨਹੀਂ ਸਕੀਆਂ, ਸਿਰਫ ਦੋ ਮੱਝਾਂ ਹੀ ਬੜੀ ਮੁਸ਼ਕਿਲ ਨਾਲ ਬਚ ਸਕੀਆਂ ਤੇ 18 ਮੱਝਾਂ ਵੇਈਂ ਦੇ ਪਾਣੀ ਵਿਚ ਡੁੱਬ ਕੇ ਮਰ ਗਈਆਂ, ਜੋ ਮੂਰਾ ਨਸਲ ਦੀਆਂ ਸਨ ਜਿਨ੍ਹਾਂ ਦੀ ਕੀਮਤ ਲਗਭਗ 12 ਲੱਖ ਤੋਂ ਉੱਪਰ ਬਣਦੀ ਹੈ।
ਇਸ ਮੌਕੇ ਗੁੱਜਰ ਭਾਈਚਾਰੇ ਵਲੋਂ ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗਰੀਬ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਉਣ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਗੁੱਜਰ ਤਾਜਦੀਨ, ਮਿਰਜ਼ਾ, ਗਨੀ ਮੁਹੰਮਦ, ਬਾ ਹੁਸੈਨ, ਮਨਸਾਦੀਨ, ਜਹੂਰੀ, ਰਹਿਮਤ, ਮਾਸੂਮ ਅਲੀ, ਮਿਰਜ਼ਾ ਗੁਲਾਮ, ਮੱਖਨਦੀਨ, ਗੁਲਾਮ ਰਸੂਲ, ਹੂਸੈਨ ਅਲੀ, ਬਸ਼ੀਰ ਮੁਹੰਮਦ, ਅਲੀ ਮੁਹੰਮਦ, ਮੁਹੰਮਦ ਸ਼ਰੀਫ, ਤੇਗ ਅਲੀ, ਗੁਲਾਮ ਰਸੂਲ ਤੇ ਹੋਰ ਹਾਜ਼ਰ ਸਨ।