ਰੰਜਿਸ਼ ਨੂੰ ਲੈ ਕੇ ਬਜ਼ੁਰਗ ਮਾਤਾ ਨੇ ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ ਕਰਨ ਦੇ ਲਗਾਏ ਦੋਸ਼

ਚੋਗਾਵਾਂ/ਅੰਮ੍ਰਿਤਸਰ, 9 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਡੱਗ ਵਿਖੇ ਇਕ ਬਜ਼ੁਰਗ ਮਾਤਾ ਨੇ ਰੰਜਿਸ਼ ਨੂੰ ਲੈ ਕੇ ਘਰ ਵਿਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰਕੇ ਲਿਜਾਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਭਰੇ ਮਨ ਨਾਲ ਦੋਸ਼ ਲਗਾਉਂਦਿਆਂ ਬਜ਼ੁਰਗ ਮਾਤਾ ਸੱਤੋ ਨੇ ਦੱਸਿਆ ਕਿ ਬੀਤੇ ਦਿਨੀਂ ਰੰਜਿਸ਼ ਤਹਿਤ ਸੋਨੂ, ਭੁੱਲਰ, ਲਖਵਿੰਦਰ ਸਿੰਘ ਤੇ ਹੋਰਨਾਂ ਨੇ ਉਨ੍ਹਾਂ ਦੇ ਪੁੱਤਰਾਂ ਉੱਪਰ ਕਤਲ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਸੀ। ਉਸ ਦਿਨ ਤੋਂ ਹੀ ਮੇਰਾ ਸਾਰਾ ਪਰਿਵਾਰ ਘਰ ਤੋਂ ਬਾਹਰ ਰਹਿ ਰਿਹਾ ਹੈ ਤੇ ਮੈਂ ਇਥੇ ਇਕੱਲੀ ਰਹਿ ਰਹੀ ਹਾਂ। ਬੀਤੇ ਦਿਨੀਂ ਮੈਂ ਆਪਣੀਆਂ ਧੀਆਂ ਨੂੰ ਮਿਲਣ ਗਈ ਤਾਂ ਮੇਰੀ ਗੈਰ-ਹਾਜ਼ਰੀ ਵਿਚ ਸੋਨੂ, ਭੁੱਲਰ, ਲਖਵਿੰਦਰ ਤੇ ਨਾਲ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਡੇ ਘਰ ਦੀ ਬਾਰੀ ਤੋੜ ਕੇ ਅੰਦਰ ਦਾਖਲ ਹੋ ਕੇ ਘਰ ਦਾ ਕੀਮਤੀ ਸਾਮਾਨ ਜਿਸ ਵਿਚ ਸੋਨੇ ਦੇ ਗਹਿਣੇ, 15 ਕੁਇੰਟਲ ਕਣਕ, ਇਨਵਰਟਰ, ਬੈਟਰਾ ਤੇ ਅਲਮਾਰੀ ਤੇ ਪੇਟੀਆਂ ਵਿਚ ਪਏ ਸਾਰੇ ਕੱਪੜੇ ਤੇ ਹੋਰ ਕੀਮਤੀ ਸਾਮਾਨ ਨਾਲ ਲੈ ਗਏ, ਜਿਸ ਦੀ ਕੀਮਤ ਕਰੀਬ 2 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਮਿਹਨਤ ਮਜ਼ਦੂਰੀ ਕਰਕੇ ਸਾਰਾ ਸਾਮਾਨ ਬਣਾਇਆ ਸੀ, ਜਿਸ ਨੂੰ ਉਕਤ ਵਿਅਕਤੀ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕਾ ਵੀ ਵੇਖਿਆ। ਦੂਜੀ ਧਿਰ ਦੇ ਸੋਨੂ, ਲਖਵਿੰਦਰ, ਭੁੱਲਰ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਕੋਈ ਚੋਰੀ ਨਹੀਂ ਕੀਤੀ। ਉਨ੍ਹਾਂ ਦੇ ਪਰਿਵਾਰ ਉਤੇ ਕਤਲ ਦਾ ਪਰਚਾ ਹੋਣ ਤੇ ਝੂਠੇ ਦੋਸ਼ਾਂ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਛਾਣਬੀਣ ਕਰਕੇ ਕਾਰਵਾਈ ਕੀਤੀ ਜਾਵੇਗੀ।