JALANDHAR WEATHER

09-09-25

 ਮੈਨਮੇਡ ਫਲੱਡ

ਅੱਜ ਪੰਜਾਬ ਨੂੰ ਕਈ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿਚ ਹੜ੍ਹ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਹ ਹੜ੍ਹ ਕੁਦਰਤੀ ਕਾਰਨਾਂ ਨਾਲੋਂ ਵੱਧ ਮਨੁੱਖੀ ਲਾਪ੍ਰਵਾਹੀ ਦਾ ਨਤੀਜਾ ਹਨ। ਸਰਕਾਰ ਨੂੰ ਜਦੋਂ ਪਤਾ ਹੁੰਦਾ ਹੈ ਕਿ ਡੈਮਾਂ ਵਿਚ ਪਾਣੀ ਰੈੱਡ ਲਾਈਨ ਤੋਂ ਉੱਪਰ ਪਹੁੰਚ ਰਿਹਾ ਹੈ ਤਾਂ ਉਸ ਪਾਣੀ ਨੂੰ ਹਰ ਰੋਜ਼ ਨਿਯਮਤ ਢੰਗ ਨਾਲ ਹੌਲੀ-ਹੌਲੀ ਛੱਡਿਆ ਜਾ ਸਕਦਾ ਹੈ। ਜੇ ਅਜਿਹਾ ਕੀਤਾ ਜਾਵੇ ਤਾਂ ਇਕੱਠੇ ਪਾਣੀ ਛੱਡਣ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਏਨਾ ਵੱਡਾ ਨੁਕਸਾਨ ਹੁੰਦਾ।

-ਰਣਵੀਰ ਸਿੰਘ
ਮੰਡੀ ਗੋਬਿੰਦਗੜ੍ਹ।

ਹੜ੍ਹਾਂ ਦਾ ਕਹਿਰ

ਤਾਜ਼ਾ ਹੜ੍ਹਾਂ ਕਾਰਨ ਸਰਹੱਦ ਦੇ ਨਾਲ ਲਗਦੇ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਅਤੇ ਡੈਮਾਂ 'ਚੋਂ ਪਾਣੀ ਛੱਡਣ ਨਾਲ ਨੁਕਸਾਨ ਹੋ ਰਿਹਾ ਹੈ, ਉਸ ਦਾ ਸੰਤਾਪ ਪੀੜਤ ਲੋਕਾਂ ਨੂੰ ਸਾਲਾਂ ਤੱਕ ਭੁਗਤਣਾ ਪਵੇਗਾ। ਲੱਖਾਂ ਏਕੜ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆ ਗਈ ਹੈ ਅਤੇ ਫ਼ਸਲਾਂ ਬਰਬਾਦ ਹੋ ਗਈਆਂ ਹਨ। ਲੋਕ ਨਾ ਚਾਹੁੰਦੇ ਹੋਏ ਵੀ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦੇ ਮਾਲ ਡੰਗਰ, ਮਸ਼ੀਨਰੀ ਅਤੇ ਹੋਰ ਕਈ ਕੁਝ ਹੜ੍ਹ 'ਚ ਰੁੜ ਗਏ ਜਾਂ ਡੁੱਬ ਗਏ ਹਨ। ਪਸ਼ੂਆਂ ਦਾ ਚਾਰਾ ਖਰਾਬ ਹੋ ਗਏ ਹਨ। ਹੜ੍ਹਾਂ ਦੇ ਕਹਿਰ ਸਿਰਫ਼ ਫਸਲਾਂ ਦੇ ਨੁਕਸਾਨ ਤੱਕ ਹੀ ਸੀਮਤ ਨਹੀਂ ਸਗੋਂ ਜ਼ਮੀਨਾਂ ਵਿਚ ਗਾਰ, ਰੇਤ ਆ ਜਾਣ ਕਾਰਨ ਇਸ ਮੁਸੀਬਤ ਦਾ ਸਾਹਮਣਾ ਕਈ ਸਾਲ ਕਰਨਾ ਪਵੇਗਾ। ਲੋਕਾਂ ਦੇ ਪੂਰਾ ਸਾਲ ਖਾਣ ਲਈ ਰੱਖੀ ਕਣਕ ਅਤੇ ਅਗਲੇ ਸਾਲ ਲਈ ਰੱਖਿਆ ਬੀਜ ਪੂਰਾ ਪਾਣੀ 'ਚ ਡੁੱਬ ਗਿਆ ਹੈ। ਹੜ੍ਹਾਂ ਦਾ ਪਾਣੀ ਹੇਠਾਂ ਜਾਣ ਤੋਂ ਬਾਅਦ ਪਸ਼ੂਆਂ ਅਤੇ ਮਨੁੱਖਾਂ 'ਚ ਬਿਮਾਰੀ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਪਹਿਲਾਂ ਪੰਜਾਬ ਕੋਲੋਂ ਗੁਆਂਢੀ ਰਾਜ ਡੈਮਾਂ ਦਾ ਪਾਣੀ ਮੰਗਦੇ ਰਹਿੰਦੇ ਹਨ, ਉਨ੍ਹਾਂ ਨੂੰ ਇਸ ਔਖੀ ਘੜੀ ਵਿਚ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਉਥੇ ਹੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਖੁੱਲ੍ਹਦਿਲੀ ਨਾਲ ਹੜ੍ਹ ਰਾਹਤ ਫੰਡ ਜਾਰੀ ਕਰ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਜ਼ਖ਼ਮਾਂ 'ਤੇ ਕੁਝ ਮਲ੍ਹਮ ਲਗਾਈ ਜਾ ਸਕੇ। ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਤਨਦੇਹੀ ਨਾਲ ਸੇਵਾ ਨਿਭਾ ਰਹੀਆਂ ਹਨ। ਪਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ 'ਚ ਰੱਖੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਿਤਾਬਾਂ ਨਾਲ ਪਿਆਰ

ਜਿਵੇਂ ਸਾਡਾ ਪੱਕਾ ਦੋਸਤ ਹਰ ਵੇਲੇ ਸਾਡੇ ਨਾਲ ਖੜ੍ਹਾ ਰਹਿੰਦਾ ਹੈ ਅਤੇ ਸਾਡੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਸਾਡੀ ਮਦਦ ਕਰਦਾ ਹੈ, ਉਸੇ ਤਰ੍ਹਾਂ ਜੇ ਅਸੀਂ ਕਿਤਾਬ ਨਾਲ ਦੋਸਤੀ ਕਰ ਲਈਏ ਤਾਂ ਇਹ ਵੀ ਸਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਡੇ ਦਿਮਾਗ ਦੀ ਸੋਚਣ ਸ਼ਕਤੀ ਵਧਦੀ ਹੈ ਅਤੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਪਰ ਅਫਸੋਸ ਅੱਜ ਦੇ ਸਮਾਜ ਨੇ ਮੋਬਾਈਲ ਫੋਨਾਂ ਦੀ ਦੁਰਵਰਤੋਂ ਕਰਕੇ ਕਿਤਾਬਾਂ ਪੜ੍ਹਨੀਆਂ ਛੱਡ ਦਿੱਤੀਆਂ ਹਨ। ਜਦੋਂ ਵੀ ਅਸੀਂ ਕਿਸੇ ਸਾਹਿਤ ਪ੍ਰੇਮੀ ਨੂੰ ਮਿਲਦੇ ਹਨ ਤਾਂ ਸਾਨੂੰ ਉਸ ਦੇ ਕੋਲੋਂ ਬਹੁਤ ਹੀ ਜਾਣਕਾਰੀ ਭਰਪੂਰ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਇਸ ਲਈ ਸਾਨੂੰ ਵੀ ਕਿਤਾਬਾਂ ਨਾਲ ਪਿਆਰ ਕਰਨਾ ਚਾਹੀਦਾ ਹੈ।

-ਸਨਪ੍ਰੀਤ ਸਿੰਘ
ਰਾਜਪੁਰਾ।

ਪੰਜਾਬ ਵਿਚ ਹੜ੍ਹਾਂ ਦੀ ਸਮੱਸਿਆ

ਇਸ ਸਮੇਂ ਪੰਜਾਬ ਹੜ੍ਹਾਂ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਕਰਕੇ ਬਹੁਤ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਕਈ ਪਸ਼ੂ ਪਾਣੀ ਵਿਚ ਵਹਿ ਗਏ ਹਨ ਅਤੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਵੱਖ-ਵੱਖ ਰਾਹਤ ਦਲਾਂ ਵਲੋਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿਚ ਪਿੰਡਾਂ ਦੇ ਨੌਜਵਾਨ ਅੱਗੇ ਆ ਕੇ ਫਸੇ ਹੋਏ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਖਾਣ-ਪੀਣ ਦਾ ਸਾਮਾਨ ਪਹੁੰਚਾ ਰਹੇ ਹਨ। ਹੜ੍ਹਾਂ ਤੋਂ ਬਚਾਅ ਲਈ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੁਸ਼ਕਿਲ ਸਮੇਂ ਲੋਕਾਂ ਨੂੰ ਇਕ-ਦੂਜੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਭਵਿੱਖ ਵਿਚ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਕੁਝ ਮਹੱਤਵਪੂਰਨ ਕਦਮ ਚੁੱਕਣੇ ਬਹੁਤ ਲਾਜ਼ਮੀ ਹਨ। ਨਦੀਆਂ ਅਤੇ ਡੈਮਾਂ ਦੀ ਸਮੇਂ ਸਿਰ ਸਾਫ਼-ਸਫਾਈ ਕੀਤੀ ਜਾਵੇ ਤਾਂ ਜੋ ਪਾਣੀ ਦਾ ਵਹਾਅ ਸਹੀ ਤਰੀਕੇ ਨਾਲ ਹੋ ਸਕੇ। ਇਸੇ ਤਰ੍ਹਾਂ ਛੋਟੀਆਂ ਨਹਿਰਾਂ ਦੀ ਵੀ ਸਮੇਂ-ਸਮੇਂ 'ਤੇ ਸਫ਼ਾਈ ਕਰਨੀ ਜ਼ਰੂਰੀ ਹੈ।

-ਏਕਮਜੋਤ ਸਿੰਘ
ਦਿਆਲਪੁਰਾ।