ਭਲਕੇ ਹੋਵੇਗਾ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਫੈਸਲਾ

ਐੱਸ. ਏ. ਐੱਸ. ਨਗਰ, 9 ਸਤੰਬਰ (ਕਪਿਲ ਵਧਵਾ)- ਮੁਹਾਲੀ ਅਦਾਲਤ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ’ਤੇ ਫੈਸਲੇ ਨੂੰ ਬੁੱਧਵਾਰ ਲਈ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਖੇ ਇਸਤਗਾਸਾ ਪੱਖ ਦੀ ਤਰਫ਼ ਤੋਂ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਅਤੇ ਪ੍ਰੀਤ ਇੰਦਰ ਪਾਲ ਸਿੰਘ ਪੰਜਾਬ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਸਮੇਤ ਪੇਸ਼ ਹੋਏ। ਦੂਸਰੀ ਤਰਫ਼ ਤੋਂ ਬਚਾਅ ਧਿਰ ਦੇ ਵਕੀਲ ਡੀ. ਐਸ. ਸੋਬਤੀ, ਐੱਚ. ਐਸ. ਧਨੋਆ ਪੇਸ਼ ਹੋਏ। ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ’ਤੇ ਉਕਤ ਮਾਮਲੇ ਫੈਸਲੇ ਨੂੰ ਸੁਣਾਉਣ ਲਈ 10 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਜੀਠੀਆ ਵਿਰੁੱਧ ਦਾਖਲ ਕੀਤੇ ਗਏ ਚਲਾਨ ਦੀ ਫਿਜ਼ੀਕਲ ਕਾਪੀ ਨੂੰ ਸਪਲਾਈ ਕਰਨ ਦੀ ਅਰਜ਼ੀ ਵਿਚ ਸਰਕਾਰ ਨੂੰ ਕੱਲ੍ਹ ਜਵਾਬ ਦਾਇਰ ਕਰਨ ਲਈ ਨਿਰਦੇਸ਼ ਦਿੱਤੇ ਹਨ।