JALANDHAR WEATHER

ਪੰਜਾਬ ਐਲਾਨਿਆ ਗਿਆ ਆਫ਼ਤ ਪ੍ਰਭਾਵਿਤ ਸੂਬਾ

ਚੰਡੀਗੜ੍ਹ, 3 ਸਤੰਬਰ- ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹੜ੍ਹਾਂ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ। ਮੁੱਖ ਸਕੱਤਰ ਸਿਨ੍ਹਾਂ ਨੇ ਇਸ ਸੰਬੰਧ ਵਿਚ ਇਕ ਪੱਤਰ ਜਾਰੀ ਕੀਤਾ ਹੈ ਅਤੇ ਇਸ ਤਹਿਤ ਹੁਣ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਹਨ ਅਤੇ 1200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਧਿਕਾਰ ਦਿੱਤੇ ਗਏ ਹਨ ਕਿ ਜੇਕਰ ਕਿਸੇ ਵੀ ਖੇਤਰ ਵਿਚ ਹੜ੍ਹ ਜਾਂ ਆਫ਼ਤ ਦਾ ਖ਼ਤਰਾ ਗੰਭੀਰ ਹੋ ਜਾਂਦਾ ਹੈ, ਤਾਂ ਉਹ ਕਾਨੂੰਨ ਦੇ ਤਹਿਤ ਸਾਰੇ ਜ਼ਰੂਰੀ ਆਦੇਸ਼ ਜਾਰੀ ਕਰ ਸਕਦੇ ਹਨ। ਇਸ ਦਾ ਉਦੇਸ਼ ਪ੍ਰਭਾਵਿਤ ਖੇਤਰਾਂ ਵਿਚ ਤੇਜ਼ ਅਤੇ ਸਹੀ ਕਦਮ ਚੁੱਕਣਾ ਹੈ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।

ਚਿੱਠੀ ਅਨੁਸਾਰ ਹਰੇਕ ਜ਼ਿਲ੍ਹੇ ਦੇ ਡੀ.ਡੀ.ਐਮ.ਏ. ਨੂੰ ਤੁਰੰਤ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਕਿਹਾ ਗਿਆ ਹੈ। ਇਸ ਵਿਚ ਖਾਣ-ਪੀਣ ਦੀਆਂ ਚੀਜ਼ਾਂ, ਪਾਣੀ, ਦਵਾਈ ਅਤੇ ਸੁਰੱਖਿਅਤ ਥਾਂ ਪ੍ਰਦਾਨ ਕਰਨਾ ਸ਼ਾਮਿਲ ਹੈ। ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਮੋਬਾਈਲ ਅਤੇ ਲੈਂਡਲਾਈਨ ਸੇਵਾਵਾਂ ਨੂੰ ਤੁਰੰਤ ਬਹਾਲ ਕਰਨ ਅਤੇ ਉਨ੍ਹਾਂ ਨੂੰ ਲਗਾਤਾਰ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕ ਸੰਪਰਕ ਵਿਚ ਰਹਿਣਗੇ ਅਤੇ ਐਮਰਜੈਂਸੀ ਮਦਦ ਆਸਾਨੀ ਨਾਲ ਪਹੁੰਚ ਸਕੇਗੀ।

ਸਾਰੀਆਂ ਪੰਚਾਇਤਾਂ ਅਤੇ ਸ਼ਹਿਰੀ ਸੰਸਥਾਵਾਂ (ਨਗਰ ਨਿਗਮਾਂ, ਨਗਰ ਪਾਲਿਕਾਵਾਂ) ਨੂੰ ਕਿਹਾ ਗਿਆ ਹੈ ਕਿ ਐਮਰਜੈਂਸੀ ਰਾਹਤ, ਸੇਵਾਵਾਂ ਅਤੇ ਬਚਾਅ ਕਾਰਜਾਂ ਵਿਚ ਪੂਰਾ ਸਹਿਯੋਗ ਦੇਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ